ਨਿਊਯਾਰਕ ''ਚ ਗੁਰਦਾਸ ਮਾਨ ‘ਲਿਟਰੇਰੀ ਐਵਾਰਡ’ ਤੇ ਗੋਲਡ ਮੈਡਲ ਨਾਲ ਸਨਮਾਨਿਤ

Thursday, Oct 10, 2024 - 12:32 PM (IST)

ਨਿਊਯਾਰਕ ''ਚ ਗੁਰਦਾਸ ਮਾਨ ‘ਲਿਟਰੇਰੀ ਐਵਾਰਡ’ ਤੇ ਗੋਲਡ ਮੈਡਲ ਨਾਲ ਸਨਮਾਨਿਤ

ਨਿਊਯਾਰਕ (ਰਾਜ ਗੋਗਨਾ )- ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਉੱਚ ਕੋਟੀ ਦੇ ਅਦਾਕਾਰ ਗੁਰਦਾਸ ਮਾਨ ਇਨੀਂ ਦਿਨੀ ਅਮਰੀਕਾ ਦੇ ਸੰਗੀਤਕ ਦੌਰੇ ’ਤੇ ਹਨ। ਉਨ੍ਹਾਂ ਦਾ ਬੀਤੇ ਦਿਨ ਨਿਊਯਾਰਕ ਵਿਚ ਹੋਇਆ ਪਹਿਲਾ ਸ਼ੋਅ ਬਹੁਤ ਹੀ ਸਫਲ ਰਿਹਾ ਅਤੇ ਪੂਰੀ ਤਰਾਂ ਸੋਲਡ ਆਊਟ ਰਿਹਾ। ਉਹ ਅਗਲੇ ਸ਼ੋਅ ਲਈ ਬੇਕਰਸਫੀਲਡ, ਕੈਲੀਫੋਰਨੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਨਿਊਯਾਰਕ ਵਿੱਖੇ ਡਾ. ਬੀ.ਆਰ.ਅੰਬੇਡਕਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਰੂਬਰੂ ਹੋਏ। ਕਲੱਬ ਵਲੋਂ ਨਿਊਯਾਰਕ ਵਿੱਚ ਇਸ ਸੰਸਥਾ ਵੱਲੋਂ ਇਕ ਸ਼ਾਨਦਾਰ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਮਨੋਜ ਸਿੰਘ ਹੈਪੀ ਕਨਵੀਨਰ, ਅਸ਼ੋਕ ਮਾਹੀ ਪ੍ਰਧਾਨ, ਹਰਪਿੰਦਰ ਸਿੰਘ ਬਿੱਟੂ ਉਪ ਪ੍ਰਧਾਨ , ਚਰਨਜੀਤ ਸਿੰਘ ਝੱਲੀ ਸੈਕਟਰੀ, ਧੀਰਜ ਕੁਮਾਰ ਖਜਾਨਚੀ ਤੇ ਮੀਡੀਆ ਇੰਚਾਰਜ ਅਤੇ ਪੰਕਜ ਦੁੱਗਲ ਸਲਾਹਕਾਰ ਵਲੋਂ ਵਿਸ਼ੇਸ਼ ਮੁੱਖ ਭੂਮਿਕਾ ਨਿਭਾਈ ਗਈ।

PunjabKesari

ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਗੁਰਦਾਸ ਮਾਨ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਬੀਬਾ ਮਨਜੀਤ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਘੇ ਬਿਜ਼ਨਸਮੈਨ ਕਸ਼ਮੀਰ ਗਿੱਲ, ਲੱਖੀ ਗਿੱਲ, ਅੰਤਰਰਾਸ਼ਟਰੀ ਪ੍ਰੋਮੋਟਰ ਬਿਕਰਮਜੀਤ ਸਿੰਘ ਅਤੇ ਇਮਰਾਨ ਖ਼ਾਨ ਵੀ ਸਵਾਗਤ ਕਰਨ ਦੇ ਮੌਕੇ ਨਾਲ ਮੌਜੂਦ ਸਨ। ਉਪਰੰਤ ਕਬੱਡੀ ਦੇ ਪ੍ਰਸਿੱਧ ਮੰਚ ਸੰਚਾਲਕ ਮੱਖਣ ਅਲੀ ਨੇ ਗੁਰਦਾਸ ਮਾਨ ਦੇ ਗਾਇਕੀ ਜੀਵਨ ਬਾਰੇ ਚਾਨਣਾ ਪਾਇਆ ਅਤੇ ਆਪਣੇ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਵਧੀਆ ਬੋਲ ਬੋਲੇ। ਉਪਰੰਤ ਧੀਰਜ ਛੋਕਰਾਂ (ਨਿਊਯਾਰਕ) ਨੇ ਕਲੱਬ ਦੇ ਅਹੁਦੇਦਾਰਾਂ ਨਾਲ ਗੁਰਦਾਸ ਮਾਨ ਦੀ ਜਾਣ ਪਛਾਣ ਕਰਵਾਈ ਅਤੇ ਸਤਿਕਾਰ ਹੋਣਾ ਚਾਹੀਦਾ’ ਬੋਲ ਕੇ ਗੁਰਦਾਸ ਮਾਨ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕਲੱਬ ਵਲੋਂ ਗੁਰਦਾਸ ਮਾਨ ਦੇ ਸਤਿਕਾਰ ਵਿੱਚ ਭਾਵਨਾਤਮਕ ਸ਼ਬਦ ਬੋਲੇ, ਜਿਨ੍ਹਾਂ ਨੂੰ ਸੁਣ ਕੇ ਗੁਰਦਾਸ ਮਾਨ ਵੀ ਭਾਵੁਕ ਹੋ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-34000 ਫੁੱਟ ਦੀ ਉਚਾਈ 'ਤੇ ਪਾਇਲਟ ਦੀ ਮੌਤ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

PunjabKesari

ਧੀਰਜ ਕੁਮਾਰ ਨਿਊਯਾਰਕ ਨੇ ਗੁਰਦਾਸ ਮਾਨ ਨਾਲ ਆਪਣੀ ਜ਼ਿੰਦਗੀ ਦੀ ਇਕ ਤਾਜ਼ਾ ਯਾਦਾਂ ਨੂੰ ਸਾਂਝੇ ਕਰਦਿਆਂ ਦੱਸਿਆ ਹੁਣੇ-ਹੁਣੇ ਨਿਊਯਾਰਕ ਦੀ ਧਰਤੀ ’ਤੇ ਹੋਏ ਟੀ-20 ਵਰਲਡ ਕ੍ਰਿਕਟ ਕੱਪ ਵਿੱਚ ਉਸਨੂੰ ਦੁਨੀਆ ਦੇ ਮਹਾਨ ਕ੍ਰਿਕਟ ਸਟਾਰ ਵਿਰਾਟ ਕੋਹਲੀ ਨਾਲ 14 ਦਿਨ ਗੱਡੀ ਵਿਚ ਸਫ਼ਰ ਕਰਨ ਦਾ ਮੌਕਾ ਮਿਲਿਆ ਅਤੇ ਇਹ 14 ਦਿਨ ਹੀ ਉਹ ਤੁਹਾਡੇ ਗਾਣੇ ਹੀ ਗੁਣਗੁਣਾਉਂਦਾ ਰਿਹਾ। ਸਭ ਤੋਂ ਵੱਧ ਉਸਨੇ ‘ਛੱਲਾ’ ਗੀਤ ਗਾਇਆ ਅਤੇ ਮੈਂ ਦੇਖਦਾ ਸੀ ਕਿ ਜਦੋਂ ਵੀ ਉਹ ਇਹ ਗੀਤ ਗਾਉਂਦਾ ਸੀ ਤਾਂ ਖੁਦ ਹੀ ਝੂਮਣ ਲੱਗ ਪੈਂਦਾ ਸੀ। ਇਸ ਤੋਂ ਸਾਬਤ ਹੁੰਦਾ ਹੈ ਤੁਸੀਂ ਧਰਤੀ 'ਤੇ ਪੰਜਾਬੀਆਂ ਦੀ ਵਿਚਰ ਰਹੀ ਹਰ ਪੀੜ੍ਹੀ ਦੇ ਮਨਪਸੰਦ ਗਾਇਕ ਹੋ। ਇਸ ’ਤੇ ਸਭਨਾਂ ਨੇ ਤਾੜੀਆਂ ਮਾਰ ਕੇ ਆਪਣਾ ਸਤਿਕਾਰ ਗੁਰਦਾਸ ਮਾਨ ਨੂੰ ਭੇਂਟ ਕੀਤਾ। 

PunjabKesari

ਲੱਖੀ ਗਿੱਲ ਵਲੋਂ ਗੁਰਦਾਸ ਮਾਨ ਦੇ ਸਤਿਕਾਰ ਵਿਚ ਬੋਲਾਂ ਦੀ ਸਾਂਝ ਪਾਈ ਗਈ। ਇਸ ਮੌਕੇ ਗੁਰਦਾਸ ਮਾਨ ਨੇ ਡਾ. ਅੰਬੇਡਕਰ ਕਲੱਬ ਯੂ.ਐੱਸ.ਏ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਕਲੱਬਾਂ ਦੀ ਸਮਾਜ ਨੂੰ ਬਹੁਤ ਲੋੜ ਹੈ।ਸਮਾਗਮ ਦੇ ਅੰਤ ਵਿਚ ਕਲੱਬ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਗੁਰਦਾਸ ਮਾਨ ਨੂੰ ‘ਲਿਟਰੇਰੀ ਐਵਾਰਡ’ ਦੀ ਪਲੇਕ, ਟਰਾਫੀ ਅਤੇ ਚਾਰ ਤੋਲੇ ਦਾ ਤਿੰਨ ਕੁ ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਗੋਲਡ ਮੈਡਲ ਭੇਂਟ ਕੀਤਾ ਗਿਆ। ਗੁਰਦਾਸ ਮਾਨ ਨੇ ਇਨ੍ਹਾਂ ਸਨਮਾਨਾਂ ਨੂੰ ਮੱਥੇ ਨਾਲ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪੰਜਾਬੀ ਭਾਈਚਾਰਾ ਉਨ੍ਹਾਂ ਨੂੰ ਇਸ ਪੱਧਰ ’ਤੇ ਪਿਆਰ ਕਰਦਾ ਹੈ। ਗੁਰਦਾਸ ਮਾਨ ਨੇ ਭਾਵੁਕਤਾ ਵਿੱਚ ਵਹਿੰਦਿਆਂ ਕਿਹਾ ਕਿ ਉਹਨਾਂ ਹਮੇਸ਼ਾ ਹੀ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਦੁਆਵਾਂ ਕੀਤੀਆਂ ਹਨ।ਅਤੇ ਰਹਿੰਦੀ ਜ਼ਿੰਦਗੀ ਕਰਦੇ ਵੀ ਰਹਿਣਗੇ। ਉਨ੍ਹਾਂ ਕਿਹਾ ਮੇਰਾ ਵਜੂਦ ਹੀ ਪੰਜਾਬੀ ਮਾਂ ਬੋਲੀ ਕਾਰਨ ਹੈ ਅਤੇ ਪੰਜਾਬੀ ਮਾਂ ਬੋਲੀ ਦਾ ਕਰਜ਼ਦਾਰ ਹੈ। ਜੋ ਮੈਂ ਸਾਰੀ ਉਮਰ ਉਤਾਰ ਨਹੀਂ ਸਕਦਾ। ਅੰਤ ਵਿਚ ਕਲੱਬ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News