ਪਾਕਿ ''ਚ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ''ਚ ਤਾਇਨਾਤ ਪੁਲਸ ਕਰਮਚਾਰੀ ਦੀ ਹੱਤਿਆ
Wednesday, Oct 26, 2022 - 10:29 AM (IST)
ਪੇਸ਼ਾਵਰ—ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ਕਰਦੇ ਹੋਏ ਮੰਗਲਵਾਰ ਨੂੰ ਇਕ ਪੁਲਸ ਕਰਮਚਾਰੀ ਦੀ ਕੁਝ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਸੂਬੇ ਦੇ ਪਿਸ਼ਿਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਯਾਸਿਰ ਨੇ ਕਿਹਾ ਕਿ ਸਵੇਰੇ ਸੂਬੇ ਦੇ ਪਿਸ਼ੀਨ ਇਲਾਕੇ 'ਚ ਪੋਲੀਓ ਟੀਕਾਕਰਨ ਟੀਮ 'ਤੇ ਦੋ ਸ਼ੱਕੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ਹੇਠ ਤਾਇਨਾਤ ਪੁਲਸ ਮੁਲਾਜ਼ਮ ਨੇ ਜਵਾਬੀ ਕਾਰਵਾਈ ਕੀਤੀ ਪਰ ਇਸ ਦੌਰਾਨ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੁਹੰਮਦ ਯਾਸਿਰ ਨੇ ਕਿਹਾ, "ਪੋਲੀਓ ਟੀਕਾਕਰਨ ਟੀਮ ਦੇ ਮੈਂਬਰ ਵਾਲ-ਵਾਲ ਬਚ ਗਏ ਕਿਉਂਕਿ ਹਮਲਾਵਰ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ।
ਪਾਕਿਸਤਾਨ 'ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅੱਤਵਾਦੀਆਂ ਨੇ ਪੋਲੀਓ ਟੀਕਾਕਰਨ ਟੀਮਾਂ 'ਤੇ ਹਮਲਾ ਕੀਤਾ ਹੈ। ਅਜਿਹੇ ਹਮਲੇ ਬਲੋਚਿਸਤਾਨ, ਖੈਬਰ ਪਖਤੂਨਖਵਾ (ਕੇਪੀਕੇ) ਸੂਬਿਆਂ ਅਤੇ ਇੱਥੋਂ ਤੱਕ ਕਿ ਕਰਾਚੀ ਵਿੱਚ ਵੀ ਹੋ ਚੁੱਕੇ ਹਨ। ਮੁਹੰਮਦ ਯਾਸਿਰ ਨੇ ਕਿਹਾ, ''ਕੜੇ ਸੁਰੱਖਿਆ ਉਪਾਵਾਂ ਕਾਰਨ ਅਜਿਹੇ ਹਮਲਿਆਂ 'ਚ ਕਮੀ ਆਈ ਹੈ, ਪਿਛਲੀ ਵਾਰ ਅਗਸਤ 'ਚ ਕੇਪੀਕੇ ਦੇ ਟੈਂਕ ਜ਼ਿਲੇ 'ਚ ਪੋਲੀਓ ਟੀਮ 'ਤੇ ਹਮਲਾ ਹੋਇਆ ਸੀ, ਜਿਸ 'ਚ ਟੀਮ ਦੀ ਸੁਰੱਖਿਆ ਕਰ ਰਹੇ ਦੋ ਪੁਲਸ ਕਰਮਚਾਰੀ ਮਾਰੇ ਗਏ ਸਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਰਕਾਰ ਨੇ ਬਲੋਚਿਸਤਾਨ ਦੇ 19 ਜ਼ਿਲ੍ਹਿਆਂ ਵਿੱਚ ਪੰਜ ਦਿਨਾਂ ਦੀ ਪੋਲੀਓ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ, ਜਿੱਥੇ ਪੇਂਡੂ ਖੇਤਰਾਂ ਵਿੱਚ ਕੱਟੜਪੰਥੀ ਅਤੇ ਧਾਰਮਿਕ ਕੱਟੜਪੰਥੀ ਸੰਗਠਨ ਬੱਚਿਆਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਕੀਤੇ ਜਾ ਟੀਕਾਕਰਨ ਵਿਰੁੱਧ ਮੁਹਿੰਮ ਚਲਾਉਂਦੇ ਹਨ। ਅਫਗਾਨਿਸਤਾਨ, ਮੋਜ਼ਾਮਬੀਕ ਅਤੇ ਪਾਕਿਸਤਾਨ ਦੁਨੀਆ ਦੇ ਸਿਰਫ ਤਿੰਨ ਦੇਸ਼ ਹਨ ਜਿੱਥੇ ਪੋਲੀਓ ਵਾਇਰਸ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਇਸ ਸਾਲ ਹੁਣ ਤੱਕ ਪਾਕਿਸਤਾਨ ਵਿੱਚ ਪੋਲੀਓ ਦੇ 19 ਮਾਮਲੇ ਸਾਹਮਣੇ ਆਏ ਹਨ।