ਨਾਈਜੀਰੀਆ ’ਚ ਬੰਦੂਕਧਾਰੀਆਂ ਨੇ 47 ਲੋਕਾਂ ਦਾ ਕੀਤਾ ਕਤਲ

Monday, Dec 20, 2021 - 05:36 PM (IST)

ਨਾਈਜੀਰੀਆ ’ਚ ਬੰਦੂਕਧਾਰੀਆਂ ਨੇ 47 ਲੋਕਾਂ ਦਾ ਕੀਤਾ ਕਤਲ

ਲਾਗੋਸ (ਨਾਈਜੀਰੀਆ) (ਏ. ਪੀ.)-ਨਾਈਜੀਰੀਆ ਦੇ ਅਸ਼ਾਂਤ ਉੱਤਰ-ਪੱਛਮ ਦੇ ਪੇਂਡੂ ਇਲਾਕਿਆਂ ’ਚ ਹਾਲ ਹੀ ਦੇ ਦਿਨਾਂ ’ਚ ਬੰਦੂਕਧਾਰੀਆਂ ਨੇ ਨਾਈਜੀਰੀਆ ’ਚ 47 ਲੋਕਾਂ ਦਾ ਕਤਲ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਗਿਰੋਹਾਂ ਦੇ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਤਰ-ਪੱਛਮੀ ਸੂਬੇ ਕਡੂਮਾ ਦੇ ਸੁਰੱਖਿਆ ਕਮਿਸ਼ਨਰ ਸੈਮੁਅਲ ਅਰੂਵਨ ਨੇ ਰਾਜ ’ਚ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਸੂਬੇ ਦੀ ਸਰਹੱਦ ਦੇਸ਼ ਦੀ ਰਾਜਧਾਨੀ ਅਬੂਜਾ ਨਾਲ ਲੱਗਦੀ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੱਕ ਡਾਕੂਆਂ ’ਤੇ ਹੈ। ਵਿਦੇਸ਼ੀ ਸਬੰਧਾਂ ’ਤੇ ਅਮਰੀਕੀ ਕੌਂਸਲ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ ਡਾਕੂਆਂ ਨੇ ਉੱਤਰ-ਪੱਛਮੀ ਅਤੇ ਮੱਧ ਸੂਬਿਆਂ ’ਚ 2021 ’ਚ ਹੁਣ ਤੱਕ ਘੱਟੋ-ਘੱਟ 2500 ਲੋਕਾਂ ਦਾ ਕਤਲ ਕਰ ਦਿੱਤਾ ਹੈ। ਪਿਛਲੇ ਤਿੰਨ ਮਹੀਨਿਆਂ ’ਚ ਹਮਲਿਆਂ ’ਚ ਵਾਧਾ ਹੋਇਆ ਹੈ, ਜਿਸ ਨਾਲ ਪੂਰੇ ਸਾਲ ’ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਸੁਰੱਖਿਆ ਬਲਾਂ ਨੂੰ ਡਾਕੂਆਂ ਦੇ ਪਿੱਛੇ ਲਾਇਆ ਗਿਆ ਹੈ। ਉਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਪਰ ਹੁਣ ਤਕ ਕਿਸੇ ਵੀ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਮਲਾਵਰਾਂ ਨੇ ਕੁਝ ਪਿੰਡਾਂ ’ਚ ਘੰਟਿਆਂ ਤਕ ਤਾਂਡਵ ਮਚਾਇਆ। ਕਡੂਮਾ ਦੇ ਕਮਿਸ਼ਨਰ ਅਰੂਵਾਨ ਦੇ ਅਨੁਸਾਰ ਸ਼ੁੱਕਰਵਾਰ ਨੂੰ ਤਿੰਨ ਪਿੰਡਾਂ ’ਚ ਨੌਂ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੂਬੇ ਦੇ ਹੋਰ ਹਿੱਸਿਆਂ ’ਚ ਐਤਵਾਰ ਨੂੰ 38 ਹੋਰ ਲੋਕਾਂ ਦੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਘਰ, ਟਰੱਕ, ਕਾਰਾਂ ਦੇ ਨਾਲ-ਨਾਲ ਫਸਲ ਨੂੰ ਸਾੜ ਦਿੱਤਾ ਗਿਆ। 


author

Manoj

Content Editor

Related News