ਰਮਜ਼ਾਨ ਦੌਰਾਨ ਲਾਕਡਾਊਨ ਵਿਚ ਢਿੱਲ ਦੇਣਗੇ ਕਈ ਖਾੜ੍ਹੀ ਦੇਸ਼

04/21/2020 8:59:22 AM

ਦਮਿਸ਼ਕ- ਮੁਸਲਮਾਨਾਂ ਦਾ ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਸਾਏ ਵਿਚ ਰਮਜ਼ਾਨ ਕਿਵੇਂ ਮਨਾਇਆ ਜਾਵੇਗਾ ਇਸ 'ਤੇ ਵਿਚਾਰ ਹੋ ਰਹੇ ਹਨ। ਖਾੜ੍ਹੀ ਦੇਸ਼ਾਂ ਲੈਬਨਾਨ, ਇਰਾਕ ਅਤੇ ਸੀਰੀਆ ਨੇ ਕੋਰੋਨਾ ਕਾਰਨ ਲਗਾਏ ਗਏ ਲਾਕਡਾਊਨ ਵਿਚ ਥੋੜ੍ਹੀ ਰਾਹਤ ਦੇਣ ਦਾ ਫੈਸਲਾ ਲਿਆ ਹੈ।
ਇਰਾਕ ਦੀ ਉੱਚ ਸਿਹਤ ਅਤੇ ਰਾਸ਼ਟਰੀ ਕਮੇਟੀ ਨੇ 21 ਅਪ੍ਰੈਲ ਤੋਂ 22 ਮਈ ਤੱਕ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਵਿਚ ਢਿੱਲ ਦੇਣ ਦਾ ਫੈਸਲਾ ਲਿਆ ਹੈ। ਹਾਲਾਂਕਿ ਲਾਕਡਾਊਨ ਵਿਚ ਰਾਹਤ ਦੇਣ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵੱਧ ਸਕਦਾ ਹੈ। 

ਇਰਾਕ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਏਡੇਲ ਅਬਦੁਲ ਮਹਦੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਸਿਹਤ ਮੰਤਰਾਲੇ ਵੱਲੋਂ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਰਮਜ਼ਾਨ ਦੇ ਮਹੀਨੇ ਦੌਰਾਨ ਪਾਬੰਦੀਆਂ ਵਿਚ ਢਿੱਲ ਦੇਣ ਦੇ ਸੁਝਾਅ ਨੂੰ ਮਨਜ਼ੂਰੀ ਦਿੱਤੀ। ਕਮੇਟੀ ਨੇ ਹਾਲਾਂਕਿ ਇਹ ਕਿਹਾ ਕਿ ਪਾਬੰਦੀ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਲਾਗੂ ਰਹੇਗੀ। ਕਮੇਟੀ ਨੇ ਇਹ ਵੀ ਕਿਹਾ ਕਿ ਘਰ ਤੋਂ ਬਾਹਰ ਜਾਣ ਸਮੇਂ ਲੋਕ ਮਾਸਕ ਜਾਂ ਫਿਰ ਕਿਸੇ ਹੋਰ ਕੱਪੜੇ ਨਾਲ ਮੂੰਹ ਢੱਕ ਕੇ ਹੀ ਬਾਹਰ ਨਿਕਲਣ ਤੇ ਤਿੰਨ ਤੋਂ ਵੱਧ ਲੋਕ ਇਕੱਠੇ ਨਾ ਹੋਣ।

185 ਦੇਸ਼ਾਂ ਵਿਚੋਂ ਬਹੁਤੇ ਦੇਸ਼ਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੀੜ ਤੋਂ ਬਚਣ ਤੇ ਹੋ ਸਕੇ ਤਾਂ ਘਰ ਵਿਚ ਹੀ ਰਮਜ਼ਾਨ ਮਨਾਉਣ। ਮਿਸਰ ਵਿਚ ਸਮੂਹ ਇਫਤਾਰ ਅਤੇ ਚੈਰਿਟੀ ਟੇਬਲ ਸਣੇ ਰਮਜ਼ਾਨ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਪਾਬੰਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਨੇ ਸਮਾਜਿਕ ਅਤੇ ਧਾਰਮਿਕ ਇਕੱਠਾਂ ਲਈ ਵਰਚੁਅਲ ਬਦਲਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਵਿਚ ਸਮੂਹਕ ਪ੍ਰਾਰਥਨਾਵਾਂ 'ਤੇ ਪਾਬੰਦੀ ਹੈ ਅਤੇ ਬਹੁਤ ਸਾਰੀਆਂ ਮਸਜਿਦਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਰਮਜ਼ਾਨ ਦੌਰਾਨ ਮਸਜਿਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ। 


Lalita Mam

Content Editor

Related News