ਉਹ ਗਿਟਾਰ ਵਜਾਉਂਦਾ ਰਿਹਾ ਤੇ ਡਾਕਟਰਾਂ ਨੇ ਕਰ ''ਤੀ ਬ੍ਰੇਨ ਸਰਜਰੀ

12/23/2018 10:54:34 AM

ਜੋਹਨਸਬਰਗ, (ਏਜੰਸੀ)— ਦੱਖਣੀ ਅਫਰੀਕਾ 'ਚ ਇਕ ਅਜੀਬ ਬ੍ਰੇਨ ਸਰਜਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੰਗੀਤਕਾਰ ਮੂਸਾ ਮੰਜਿਨੀ ਨੇ ਲਗਾਤਾਰ ਗਿਟਾਰ ਵਜਾਉਂਦੇ ਹੋਏ ਆਪਣੇ ਬ੍ਰੇਨ ਟਿਊਮਰ ਦਾ ਆਪ੍ਰੇਸ਼ਨ ਕਰਵਾਇਆ। ਯੂਨੀਵਰਸਿਟੀ ਲੈਕਚਰਾਰ ਅਤੇ ਕਈ ਹੋਰ ਤਰ੍ਹਾਂ ਦੇ ਮਿਊਜ਼ਿਕ ਬਣਾਉਣ ਦਾ ਸ਼ੌਕੀਨ ਮੂਸਾ ਤਕਰੀਬਨ 6 ਘੰਟਿਆਂ ਤਕ ਚੱਲੇ ਆਪਰੇਸ਼ਨ ਦੌਰਾਨ ਗਿਟਾਰ ਵਜਾਉਂਦੇ ਰਿਹਾ। ਇਸ ਆਪ੍ਰੇਸ਼ਨ ਦਾ ਵੀਡੀਓ ਵੀ ਜਾਰੀ ਹੋਇਆ ਹੈ।

ਦੱਖਣੀ ਅਫਰੀਕੀ ਸ਼ਹਿਰ ਡਰਬਨ 'ਚ ਹਫਤਾ ਕੁ ਪਹਿਲਾਂ ਮੂਸਾ ਦੇ ਬ੍ਰੇਨ ਟਿਊਮਰ ਦਾ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਨੇ ਹੀ ਮੂਸਾ ਨੂੰ ਗਿਟਾਰ ਵਜਾਉਂਦੇ ਰਹਿਣ ਲਈ ਕਿਹਾ ਸੀ। ਇਸ ਨਾਲ ਡਾਕਟਰਾਂ ਨੂੰ ਇਹ ਜਾਨਣ 'ਚ ਮਦਦ ਮਿਲੀ ਕਿ ਗਿਟਾਰ ਵਜਾਉਂਦੇ ਹੋਏ ਮੂਸਾ ਦੇ ਦਿਮਾਗ ਦਾ ਕਿਹੜਾ ਹਿੱਸਾ ਕਿਰਿਆਸ਼ੀਲ ਰਹਿੰਦਾ ਹੈ। ਇਸ ਜਾਣਕਾਰੀ ਦਾ ਲਾਭ ਉਠਾਉਂਦੇ ਹੋਏ ਡਾਕਟਰਾਂ ਨੇ ਦਿਮਾਗ ਦੇ ਉਸ ਹਿੱਸੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ 'ਚ ਸਫਲਤਾ ਪਾਈ। ਇਸ ਦੇ ਨਾਲ ਹੀ ਟਿਊਮਰ ਕਾਰਨ ਪ੍ਰਭਾਵਿਤ ਹੋਈਆਂ ਉਂਗਲੀਆਂ ਦੀ ਗਤੀਵਿਧੀ ਨੂੰ ਵੀ ਸਹੀ ਕਰਨ 'ਚ ਡਾਕਟਰ ਸਫਲ ਰਹੇ। ਆਪਣੇ ਅਨੁਭਵ ਸਾਂਝੇ ਕਰਦੇ ਹੋਏ ਮੂਸਾ ਨੇ ਕਿਹਾ,''ਇਹ ਬਹੁਤ ਹੀ ਅਜੀਬ ਸਥਿਤੀ ਸੀ। ਮੈਨੂੰ ਜਗਾ ਕੇ ਰੱਖਿਆ ਗਿਆ ਸੀ। ਮੈਂ ਆਪਣੇ ਦਿਮਾਗ 'ਚ ਟਾਰਚ ਦੀ ਰੌਸ਼ਨੀ ਵੀ ਮਹਿਸੂਸ ਕਰ ਰਿਹਾ ਸੀ।

ਇਨ੍ਹਾਂ ਸਭ ਵਿਚਕਾਰ ਧਿਆਨ ਲਗਾਉਣਾ ਬਹੁਤ ਮੁਸ਼ਕਲ ਸੀ ਪਰ ਅਸੀਂ ਸਫਲ ਰਹੇ। ਆਪ੍ਰੇਸ਼ਨ ਦੌਰਾਨ ਮੈਨੂੰ ਵੱਡਾ ਖਤਰਾ ਲਕਵਾ ਹੋਣ ਦਾ ਸੀ ਪਰ ਮੈਂ ਠੀਕ ਹਾਂ। ਆਪਣੇ ਅੰਗਾਂ 'ਤੇ ਮੇਰਾ ਪੂਰਾ ਕੰਟਰੋਲ ਹੈ। ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਮੂਸਾ ਨੇ ਫਿਰ ਸਟੇਜ 'ਤੇ ਸ਼ੋਅ ਕਰਨ ਦੀ ਇੱਛਾ ਪ੍ਰਗਟ ਕੀਤੀ।


Related News