ਗ੍ਰੇਟਰ ਟੋਰਾਂਟੋ ਏਰੀਏ ਦੇ ਕਈ ਸਕੂਲਾਂ ''ਚੋਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
Tuesday, Sep 15, 2020 - 11:26 AM (IST)
ਟੋਰਾਂਟੋ- ਗ੍ਰੇਟਰ ਟੋਰਾਂਟੋ ਏਰੀਏ ਦੇ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਟਨ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਬੁਰਲਿੰਗਟਨ ਬਰਾਂਟ ਹਿਲਜ਼ ਪਬਲਿਕ ਸਕੂਲ ਅਤੇ ਓਕਵਿਲੇ ਵਿਚ ਸਥਿਤ ਗਾਰਥ ਵੈੱਬ ਸੈਕੰਡਰੀ ਸਕੂਲ ਵਿਚੋਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਸਕੂਲ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਕੋਰੋਨਾ ਦੇ ਸ਼ਿਕਾਰ ਵਿਦਿਆਰਥੀ ਜਾਂ ਅਧਿਆਪਕ ਹੋਏ ਹਨ।
ਮਿਸੀਗਾਸਾ ਦੇ ਜੌਹਨ ਫਰਾਸਰ ਸੈਕੰਡਰੀ ਸਕੂਲ ਵਿਚ ਇਕ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਪਿਕਰਿੰਗ ਦੇ ਮੈਪਲ ਰਿੱਜ ਪੀ. ਐੱਸ. ਸਕੂਲ ਨੇ ਮਾਪਿਆ ਨੂੰ ਦੱਸਿਆ ਕਿ 9 ਸਤੰਬਰ ਨੂੰ ਦੋ ਵਿਅਕਤੀ ਕੋਰੋਨਾ ਦੇ ਸ਼ਿਕਾਰ ਹੋਏ ਹਨ। ਸਕੂਲਾਂ ਵਲੋਂ ਵਾਰ-ਵਾਰ ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ। ਪਿਛਲੇ ਹਫਤੇ ਓਟਾਵਾ ਦੇ ਕੁਝ ਸਕੂਲਾਂ ਨੇ ਕਲਾਸਾਂ ਦੁਬਾਰਾ ਲਾਉਣੀਆਂ ਸ਼ੁਰੂ ਕੀਤੀਆਂ ਸਨ ਤੇ ਇੱਥੇ ਵੀ 6 ਕੋਰੋਨਾ ਦੇ ਮਾਮਲੇ ਮਿਲੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਉਹ ਇਕਾਂਤਵਾਸ ਹੋ ਜਾਵੇ।
ਓਂਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ. ਡੇਵਿਡ ਵਿਲੀਅਮਜ਼ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵੀ ਜ਼ਰੂਰੀ ਹੈ, ਇਸ ਲਈ ਸੁਰੱਖਿਆ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।