ਸਕੂਲ ਛੱਡਣ ''ਚ ਗ੍ਰੇਟਾ ਨੂੰ ਨਹੀਂ ਮਿਲੀ ਸੀ ਪਿਤਾ ਦੀ ਹਮਾਇਤ
Monday, Dec 30, 2019 - 08:35 PM (IST)

ਲੰਡਨ (ਭਾਸ਼ਾ)- ਗ੍ਰੇਟਾ ਥਨਬਰਗ ਭਾਵੇਂ ਹੀ ਅੱਜ ਜਲਵਾਯੂ ਪਰਿਵਰਤਨ ਦੇ ਖਿਲਾਫ ਸੰਸਾਰਕ ਮੁਹਿੰਮ ਵਿਚ ਇਕ ਪ੍ਰਮੁੱਖ ਚਿਹਰਾ ਬਣ ਗਈ ਹੋਵੇ, ਪਰ 16 ਸਾਲਾ ਸਵੀਡਿਸ਼ ਕਿਸ਼ੋਰੀ ਨੂੰ ਤਿੰਨ-ਚਾਰ ਸਾਲ ਤਣਾਅ ਦਾ ਸਾਹਮਣਾ ਕਰਨਾ ਪਿਆ ਅਤੇ ਵਾਤਾਵਰਣ ਦੇ ਪ੍ਰਤੀ ਆਪਣੀ ਸਰਗਰਮੀ ਲਈ ਸਕੂਲ ਛੱਡਣ ਵਿਚ ਉਸ ਨੂੰ ਆਪਣੇ ਪਿਤਾ ਦੀ ਕੋਈ ਹਮਾਇਤ ਨਹੀਂ ਮਿਲੀ ਸੀ। ਹਾਲਾਂਕਿ ਗ੍ਰੇਟਾ ਦੇ ਇਸ ਨਿਡਰਤਾ ਵਾਲੇ ਫੈਸਲੇ ਨੇ ਵਾਤਾਵਰਣ ਦੇ ਮੁੱਦੇ 'ਤੇ ਜਾਗਰੂਕਤਾ ਪੈਦਾ ਕਰਨ ਦੀ ਉਨ੍ਹਾਂ ਦੀ ਮੁਹਿੰਮ ਵਿਚ ਲੱਖਾਂ ਲੋਕਾਂ ਨੂੰ ਸ਼ਾਮਲ ਕਰ ਦਿੱਤਾ। ਗ੍ਰੇਟਾ ਦੇ ਪਿਤਾ ਸਵਾਂਤੇ ਥਨਬਰਗ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਜਲਵਾਯੂ ਪਰਿਵਰਤਨ ਦੇ ਖਿਲਾਫ ਮੁਹਿੰਮ ਵਿਚ ਮੋਹਰਲੀ ਲਾਈਨ ਵਿਚ ਮੁਹਿੰਮ ਛੇੜਣਾ ਉਨ੍ਹਾਂ ਦੀ ਧੀ ਲਈ ਖਰਾਬ ਆਈਡੀਆ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਵਾਯੂ ਪਰਿਵਰਤਨ ਦੇ ਖਿਲਾਫ ਆਪਣੀ ਧੀ ਦੀ ਮੁਹਿੰਮ ਨੂੰ ਲੈ ਕੇ ਉਸ ਦੇ ਸਕੂਲ ਛੱਡਣ ਦੇ ਕਦਮ ਦੀ ਹਮਾਇਤ ਵਿਚ ਨਹੀਂ ਸਨ।
ਇਸੇ ਪ੍ਰਸਾਰਣ ਦੌਰਾਨ ਪ੍ਰਸਾਰਣਕਰਤਾ ਡੇਵਿਡ ਏਟੋਨਬੋਰੋ ਨੇ ਗ੍ਰੇਟਾ ਨੂੰ ਕਿਹਾ ਕਿ ਉਸ ਨੇ ਜਲਵਾਯੂ ਪਰਿਵਰਤਨ ਦੇ ਖਿਲਾਫ ਦੁਨੀਆ ਵਿਚ ਚਿੰਗਾਰੀ ਲਗਾ ਦਿੱਤੀ ਅਤੇ ਉਹ ਉਪਲਬਧੀ ਹਾਸਿਲ ਕੀਤੀ ਜਿਸ ਨੂੰ ਹਾਸਲ ਕਰਨ ਵਿਚ ਸਾਡੇ ਤੋਂ ਕਈ ਲੋਕ 20 ਸਾਲਾਂ ਤੋਂ ਨਾਕਾਮ ਰਹੇ ਸਨ। ਗ੍ਰੇਟਾ ਨੂੰ ਇਸ ਸਾਲ ਦੇ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਗ੍ਰੇਟਾ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਨੇ ਫਿਰ ਤੋਂ ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ-ਚਾਰ ਸਾਲ ਤਣਾਅ ਦਾ ਸਾਹਮਣਾ ਕੀਤਾ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਗੱਲ ਕਰਨਾ ਬੰਦ ਕਰ ਦਿੱਤਾ ਸੀ। ਇਹ ਇਕ ਮਾਤਾ-ਪਿਤਾ ਲਈ ਬਹੁਤ ਬੁਰਾ ਸਮਾਂ ਸੀ।
ਉਸ ਦੇ ਪਿਤਾ ਨੇ ਉਸ ਦੀ ਸਿਹਤਮੰਦ ਹੋਣ ਲਈ ਸਵੀਡਨ ਸਥਿਤ ਆਪਣੇ ਘਰ ਵਿਚ ਗ੍ਰੇਟਾ ਅਤੇ ਉਸ ਦੀ ਛੋਟੀ ਭੈਣ ਦੇ ਨਾਲ ਜ਼ਿਆਦਾ ਸਮਾਂ ਬਿਤਾਇਆ। ਓਪੇਰਾ ਗਾਇਕਾ ਅਤੇ ਗ੍ਰੇਟਾ ਦੀ ਮਾਂ ਮੇਲੇਨਾ ਐਰਨਮੈਨ ਨੇ ਆਪਣਾ ਕਾਨਟ੍ਰੈਕਟ ਰੱਦ ਕਰ ਦਿੱਤਾ ਤਾਂ ਜੋ ਪੂਰਾ ਪਰਿਵਾਰ ਇਕੱਠੇ ਸਮਾਂ ਬਿਤਾ ਸਕੇ। ਅਗਲੇ ਕੁਝ ਸਾਲ ਤੱਕ ਉਨ੍ਹਾਂ ਨੇ ਜਲਵਾਯੂ ਪਰਿਵਰਤਨ 'ਤੇ ਚਰਚਾ ਕੀਤੀ ਅਤੇ ਖੋਜ ਕੀਤੀ। ਗ੍ਰੇਟਾ ਦੇ ਪਿਤਾ ਨੇ ਕਿਹਾ ਕਿ ਆਪਣੀ ਸਰਗਰੀ ਦੇ ਚੱਲਦੇ ਗ੍ਰੇਟਾ ਬਹੁਤ ਖੁਸ਼ ਰਹਿਣ ਲੱਗੀ ਅਤੇ ਉਸ ਦੇ ਜੀਵਨ ਵਿਚ ਬਦਲਾਅ ਆ ਗਿਆ। ਜ਼ਿਕਰਯੋਗ ਹੈ ਕਿ ਟਾਈਮ ਮੈਗਜ਼ੀਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਗ੍ਰੇਟਾ ਨੂੰ 2019 ਦਾ ਪਰਸਨ ਆਫ ਦਿ ਈਅਰ ਨਾਮਜ਼ਦ ਕੀਤਾ ਸੀ।