ਇਨਾਮ ਦਾ ਲਾਲਚ: ਸੁੰਦਰਤਾ ਮੁਕਾਬਲੇ ’ਚ ਊਠਾਂ ਨੂੰ ਸੋਹਣਾ ਦਿਖਾਉਣ ਲਈ ਲਾਏ ਟੀਕੇ
Saturday, Dec 11, 2021 - 12:16 PM (IST)

ਸਾਊਦੀ ਅਰਬ–ਸਾਊਦੀ ਅਰਬ ’ਚ ਹਰ ਸਾਲ ਊਠਾਂ ਦੇ ਸੁੰਦਰੀਕਰਨ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੁਕਾਬਲੇ ਲਈ ਹਰ ਸਾਲ ਵੱਡੀ ਤੋਂ ਵੱਡੀ ਰਕਮ ਇਨਾਮ ਵਜੋਂ ਰੱਖੀ ਜਾਂਦੀ ਹੈ। ਦੇਸ਼ ਦੇ ਹਰ ਹਿੱਸੇ ’ਚੋਂ ਊਠਾਂ ਨੂੰ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵੀ ਮੁਕਾਬਲੇ ਲਈ ਬੁਲਾਇਆ ਜਾਂਦਾ ਹੈ। ਇਸ ਸਾਲ ਹੋਣ ਜਾ ਰਹੇ ਮੁਕਾਬਲੇ ’ਚ 43 ਊਠਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਊਠਾਂ ਮਾਲਕਾਂ ਨੇ ਇਨਾਮ ਦੇ ਲਾਲਚ ’ਚ ਊਠਾਂ ਨੂੰ ਬੋਟੋਕਸ ਦਾ ਟੀਕਾ ਲਗਾਇਆ ਸੀ। ਜਿਸ ਦੀ ਵਰਤੋਂ ਊਠਾਂ ’ਚ ਨਕਲੀ ਸੁੰਦਰਤਾ ਵਧਾਉਣ ਅਤੇ ਦਿਲ ਖਿਚਵਾਂ ਬਣਾਉਣ ਲਈ ਕੀਤੀ ਜਾਂਦੀ ਹੈ। ਜਿਊਰੀ ਬੋਰਡ ਊਠਾਂ ਦੀ ਕੁਦਰਤੀ ਸੁੰਦਰਤਾ, ਗਰਦਨ, ਡ੍ਰੈਸ ਅਤੇ ਉਨ੍ਹਾਂ ਦੇ ਕੂਬੜ ਦੇ ਆਧਾਰ ’ਤੇ ਵਿਜੇਤਾ ਚੁਣਦੇ ਹਨ।
ਕਿੰਗ ਅਬਦੁਲ ਅਜੀਜ ’ਚ ਊਠਾਂ ਦਾ ਸਮਾਗਮ 40 ਦਿਨ ਤੱਕ ਚੱਲਦਾ ਹੈ। ਇਸ ’ਚ ਊਠਾਂ ਦੀ ਰੇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮੁਕਾਬਲੇ ਹੁੰਦੇ ਹਨ। ਜਨਵਰੀ ਅੱਧ ਤਕ ਚੱਲਣ ਵਾਲੇ ਇਸ ਸਮਾਗਮ ’ਚ ਊਠ ਮਾਲਕਾਂ ਨੂੰ ਆਪਣੇ ਸਭ ਤੋਂ ਵਧੀਆ ਊਠ ਨਾਲ ਬੁਲਾਇਆ ਜਾਂਦਾ ਹੈ। ਸਰਕਾਰ ਨੇ ਨਕਲੀ ਉਪਕਰਣਾਂ ਨਾਲ ਊਠਾਂ ਦੀ ਸੁੰਦਰਤਾ ਵਧਾਉਣ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਕਈ ਊਠ ਮਾਲਕਾਂ ਨੇ ਜਾਣਬੂਝ ਕੇ ਊਠਾਂ ਦੇ ਬੁੱਲ ਅਤੇ ਨੱਕ ਨੂੰ ਵਧਾਇਆ ਸੀ। ਇੰਨਾ ਹੀ ਨਹੀਂ ਕਈ ਊਠ ਮਾਲਕਾਂ ਨੇ ਹਾਰਮਨਜ਼ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਕੂਬੜ ਵੀ ਵਧਾਇਆ ਸੀ। ਇਸ ਤੋਂ ਇਲਾਵਾ ਊਠਾਂ ਨੂੰ ਬੋਟੋਕਸ ਦੇ ਟੀਕੇ ਵੀ ਲਗਾਏ ਗਏ ਤਾਂ ਜੋ ਉਹ ਆਕਾਰ ’ਚ ਵੱਡੇ ਹੋ ਜਾਣ। ਸਰਕਾਰ ਨੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕਰੇਗੀ। 2018 ’ਚ ਅਜਿਹੇ ਧੋਖਾ ਕਰਨ ਵਾਲੇ 12 ਪ੍ਰਤੀਯੋਗੀ ਮੁਕਾਬਲੇ ’ਚੋਂ ਬਾਹਰ ਹੋਏ ਸਨ।