ਸਿਡਨੀ ਏਅਰਪੋਰਟ ’ਤੇ ਮਹਾਰਾਜ ਆਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਦਾ ਹੋਇਆ ਭਰਵਾਂ ਸਵਾਗਤ

Thursday, Dec 06, 2018 - 10:53 PM (IST)

ਸਿਡਨੀ ਏਅਰਪੋਰਟ ’ਤੇ ਮਹਾਰਾਜ ਆਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਦਾ ਹੋਇਆ ਭਰਵਾਂ ਸਵਾਗਤ

ਸਿਡਨੀ (ਸਨੀ ਚਾਂਦਪੁਰੀ/ਅਰਸ਼ਦੀਪ)- ਭੂਰੀਵਾਲਿਆਂ ਦੀ ਗੁਰਗੱਦੀ (ਗਰੀਬ ਦਾਸੀ ਸੰਪ੍ਰਦਾਇ) ਪ੍ਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਅਾਚਾਰੀਆ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਬੀਤੀ ਰਾਤ ਕਰੀਬ 8:50 ’ਤੇ ਸਿਡਨੀ ਦੇ ਏਅਰਪੋਰਟ ’ਤੇ ਪਹੁੰਚੇ। ਮਹਾਰਾਜ ਜੀ ਦੇ ਸਵਾਗਤ ਲਈ ਵੱਡੀ ਤਾਦਾਦ ਵਿਚ ਭੂਰੀਵਾਲਿਆਂ ਦੀ ਨਾਮ ਲੇਵਾ ਸੰਗਤ ਏਅਰਪੋਰਟ ’ਤੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੀ ਹੋਈ ਸੀ। ਸੰਗਤ ਨੇ ਮਹਾਰਾਜ ਜੀ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਮਹਾਰਾਜ ਜੀ ਦੇ ਨਾਲ ਗੁਰਦਿਆਲ ਸਿੰਘ ਕੈਨੇਡਾ ਕੁਟੀਆ ਦੇ ਪ੍ਰਧਾਨ ਵੀ ਮੌਜੂਦ ਸਨ। ਮਹਾਰਾਜ ਜੀ ਦੇ ਆਗਮਨ ਸਮੇਂ ਸੰਗਤ ਵਿਚ ਖ਼ੁਸ਼ੀ ਦੇਖਦਿਆਂ ਹੀ ਬਣਦੀ ਸੀ। ਮਹਾਰਾਜ ਜੀ ਦੀ ਸਿਡਨੀ ਯਾਤਰਾ ਬਾਰੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਮੱਖਣ ਭਵਾਨੀਪੁਰ ਤੇ ਚਰਨਪ੍ਰਤਾਪ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜ ਜੀ ਆਪਣੀ ਸਿਡਨੀ ਯਾਤਰਾ ਦੌਰਾਨ ਸੰਗਤ ’ਤੇ ਕਿਰਪਾ ਕਰਨਗੇ। ਉਨ੍ਹਾਂ ਦੱਸਿਆ ਕਿ ਮਹਾਰਾਜ ਜੀ ਆਪਣੇ ਰੁਝੇਵਿਆਂ ਭਰੇ ਸ਼ਡਿਊਲ ’ਚੋਂ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਆਪਣੀ ਲਾਡਲੀ ਸੰਗਤ ਨੂੰ ਦਰਸ਼ਨ ਦੇਣ ਲਈ ਸਿਡਨੀ ਆਏ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਮਹਾਰਾਜ ਜੀ ਦੀ ਸਿਡਨੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ 9 ਦਸੰਬਰ ਦਿਨ ਐਤਵਾਰ ਨੂੰ ਮਹਾਰਾਜ ਜੀ 10 ਜੁਬਲੀ ਲੇਨ ਪੈਰਾਮਾਟਾ 2150 ਹਾਲ ਵਿਚ ਸਤਿਸੰਗ ਰਾਹੀਂ ਸੰਗਤ ’ਤੇ ਆਪਣੀ ਕਿਰਪਾ ਕਰਨਗੇ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦੀ ਸੰਗਤ ਹਰ ਸਾਲ ਬੜੇ ਹੀ ਚਾਅ ਨਾਲ ਮਹਾਰਾਜ ਜੀ ਦੀ ਸਿਡਨੀ ਯਾਤਰਾ ਦੀ ਉਡੀਕ ਕਰਦੀ ਹੈ, ਜੋ ਕਿ ਮਹਾਰਾਜ ਜੀ ਦੇ ਅੱਜ ਸਿਡਨੀ ਪਹੁੰਚਣ ’ਤੇ ਖਤਮ ਹੋਈ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਆਸਟਰੇਲੀਆ ਦੀ ਯਾਤਰਾ ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਸੰਗਤਾਂ ’ਤੇ ਆਪਣੀ ਕਿਰਪਾ ਕਰਨਗੇ ਤੇ ਬਾਕੀ ਦੇ ਪ੍ਰੋਗਰਾਮ ਮਹਾਰਾਜ ਜੀ ਦੀ ਆਗਿਆ ਦੇ ਨਾਲ ਉਲੀਕੇ ਜਾਣਗੇ। ਇਸ ਮੌਕੇ ਮਹਾਰਾਜ ਜੀ ਦਾ ਸਵਾਗਤ ਕਰਨ ਲਈ ਏਅਰਪੋਰਟ ’ਤੇ ਸ. ਅਮਰਜੀਤ ਸਿੰਘ ਖੇਲਾ, ਬਲਜੀਤ ਸਿੰਘ ਖੇਲਾ, ਤਿਲਕ ਰਾਜ, ਚਰਨਪ੍ਰਤਾਪ ਸਿੰਘ, ਬਲਵਿੰਦਰ ਕੌਰ ਆਦਿ ਸੰਗਤ ਮੌਜੂਦ ਸੀ।


author

Inder Prajapati

Content Editor

Related News