ਟਰੰਪ ਤੋਂ ਬਾਅਦ ਨਿਊਯਾਰਕ ਦੇ ਗਵਰਨਰ ਬੋਲੇ,ਚੀਨ ਤੋਂ ਨਹੀਂ ਯੂਰਪ ਤੋਂ ਆਇਆ ਕੋਰੋਨਾ

04/25/2020 10:19:21 PM

ਨਿਊਯਾਰਕ - ਕੋਰੋਨਾਵਾਇਰਸ ਦਾ ਪ੍ਰਕੋਪ ਯੂਰਪ ਤੋਂ ਬਾਅਦ ਅਮਰੀਕਾ ਵਿਚ ਦੇਖਿਆ ਜਾ ਰਿਹਾ ਹੈ ਪਰ ਅਮਰੀਕਾ ਵਿਚ ਇਸ ਦਾ ਕੇਂਦਰ ਨਿਊਯਾਰਕ ਨੂੰ ਮੰਨਿਆ ਗਿਆ ਹੈ। ਉਥੇ ਹੀ ਨਿਊਯਾਰਕ ਦੇ ਗਵਰਨਰ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨੇ 'ਤੇ ਲਿਆ ਹੈ। ਨਿਊਯਾਰਕ ਦੇ ਗਵਰਨਰ ਐਂਡਿ੍ਰਓ ਕੁਮੋ ਨੇ ਇਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਨਿਊਯਾਰਕ ਵਿਚ ਕੋਰੋਨਾਵਾਇਸ ਚੀਨ ਤੋਂ ਨਹੀਂ ਬਲਕਿ ਯੂਰਪ ਤੋਂ ਆਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਬਹੁਤ ਦੇਰੀ ਨਾਲ ਕਦਮ ਚੁੱਕੇ, ਜਿਸ ਕਾਰਨ ਕੋਰੋਨਾ ਫੈਲਦਾ ਚੱਲਾ ਗਿਆ।

ਐਂਡਿ੍ਰਓ ਕੁਮੋ ਨੇ ਨਾਰਥ ਵੈਸਟਰਨ ਯੂਨੀਵਰਸਿਟੀ ਦੀ ਇਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਨਿਊਯਾਰਕ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ 1 ਮਾਰਚ ਨੂੰ ਦਰਜ ਹੋਇਆ ਸੀ ਪਰ ਇਕ ਅੰਦਾਜ਼ੇ ਮੁਤਾਬਕ ਉਦੋਂ ਤੱਕ ਨਿਊਯਾਰਕ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਸਨ। ਕੁਮੋ ਨੇ ਆਖਿਆ ਕਿ ਨਿਊਯਾਰਕ ਵਿਚ ਇਟਲੀ ਤੋਂ ਕੋਰੋਨਾਵਾਇਰਸ ਦੇ ਆਉਣ ਦਾ ਸ਼ੱਕ ਹੈ।

ਰਾਸ਼ਟਰਪਤੀ ਟਰੰਪ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗਵਰਨਰ ਕੁਮੋ ਨੇ ਆਖਿਆ ਕਿ, ਅਮਰੀਕਾ ਨੇ 2 ਫਰਵਰੀ ਨੂੰ ਚੀਨ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਬੰਦ ਕਰਨ ਦਿੱਤਾ ਸੀ ਜਦਕਿ ਚੀਨ ਦੇ ਵੁਹਾਨ ਤੋਂ ਇਸ ਮਹਾਮਾਰੀ ਨੂੰ ਸ਼ੁਰੂ ਹੋਏ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਸੀ। ਉਸੇ ਮਹੀਨੇ ਕੁਝ ਦਿਨਾਂ ਬਾਅਦ ਯੂਰਪ ਵਿਚ ਟ੍ਰੈਵਲ ਬੈਨ ਲਗਾਇਆ ਗਿਆ ਪਰ ਉਦੋਂ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਬੁਰੀ ਤਰ੍ਹਾਂ ਫੈਲ ਚੁੱਕਿਆ ਸੀ।

ਰਾਇਟਰਸ ਏਜੰਸੀ ਮੁਤਾਬਕ, ਕੁਮੋ ਨੇ ਆਖਿਆ ਕਿ, ਚੀਨ ਵਿਚ ਮਹਾਮਾਰੀ ਨੂੰ ਦੇਖਦੇ ਹੋਏ ਅਸੀਂ ਉਡਾਣਾਂ ਬੰਦ ਕਰ ਇਕ ਤਰ੍ਹਾਂ ਨਾਲ ਸਾਹਮਣੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹੜਾ ਕਿ ਠੀਕ ਕੀਤਾ ਗਿਆ ਪਰ ਪਿਛਲਾ ਦਰਵਾਜ਼ਾ ਖੁਲ੍ਹਾ ਰੱਖਿਆ ਜਿਸ ਕਾਰਨ ਚੀਨ ਤੋਂ ਦੁਨੀਆ ਵਿਚ ਫੈਲਦਾ ਹੋਇਆ ਵਾਇਰਸ ਆ ਗਿਆ। ਕੁਮੋ ਦੇ ਇਸ ਬਿਆਨ ਨਾਲ ਅਮਰੀਕਾ ਵਿਚ ਇਕ ਗਰਮ ਅਤੇ ਸਿਆਸੀ ਬਹਿਸ ਦੀ ਸ਼ੁਰੂਆਤ ਹੋ ਗਈ ਹੈ ਕਿ ਅਮਰੀਕਾ ਵਿਚ ਵਾਇਰਸ ਕਦੋਂ ਪਹੁੰਚਿਆ ਅਤੇ ਕੀ ਸਮੇਂ ਰਹਿੰਦੇ ਜ਼ਰੂਰੀ ਕਦਮ ਚੁੱਕ ਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇਹ ਸਿਆਸੀ ਸਵਾਲ ਬਣਨਗੇ ਅਤੇ ਨਾ ਸਿਰਫ ਟਰੰਪ ਬਲਕਿ ਨਿਊਯਾਰਕ ਦੇ ਗਵਰਨਰ ਤੋਂ ਵੀ ਪੁੱਛੇ ਜਾਣਗੇ।

ਕੁਮੋ ਨੇ ਟਰੰਪ ਸਰਕਾਰ ਦੀ ਲੇਟ-ਲਤੀਫੀ 'ਤੇ ਸਵਾਲ ਚੁੱਕਦੇ ਹੋਏ ਨਿਸ਼ਾਨਾ ਲਗਾਇਆ ਕਿ ਜਦ ਚੀਨ ਵਿਚ ਜਨਵਰੀ ਅਤੇ ਫਰਵਰੀ ਦੇ ਮਹੀਨੇ ਵਿਚ ਮਹਾਮਾਰੀ ਨੂੰ ਲੈ ਕੇ ਹੈਰਾਨ ਅਤੇ ਡਰਾਉਣ ਵਾਲੀਆਂ ਖਬਰਾਂ ਆ ਰਹੀਆਂ ਸਨ ਤਾਂ ਉਸ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਨੇ ਕਾਰਵਾਈ ਜਲਦੀ ਕਿਉਂ ਨਹੀਂ ਕੀਤੀ। ਕੁਮੋ ਨੇ ਆਖਿਆ ਕਿ ਚੀਨ ਵਿਚ ਮਹਾਮਾਰੀ ਦੀ ਸ਼ੁਰੂਆਤ ਦੇ 2 ਮਹੀਨੇ ਬਾਅਦ ਅਸੀਂ ਸਰਗਰਮ ਹੋਏ। ਕੀ ਕੋਈ ਸੋਚ ਸਕਦਾ ਹੈ ਕਿ ਚੀਨ ਵਿਚ ਮੌਜੂਦ ਵਾਇਰਸ ਸਾਡੇ ਸਰਗਰਮ ਹੋਣ ਦਾ 2 ਮਹੀਨੇ ਤੋਂ ਇੰਤਜ਼ਾਰ ਕਰ ਰਿਹਾ ਸੀ। ਨਿਊਯਾਰਕ ਦੇ ਗਵਰਨਰ ਨੇ ਕਿਹਾ ਕਿ, ਹੁਣ ਅਹਿਮ ਇਹ ਹੈ ਕਿ ਅਸੀਂ ਗਲਤੀਆਂ ਤੋਂ ਸਿਖੀਏ ਤਾਂ ਜੋ ਜਦ ਦੁਬਾਰਾ ਹਮਲਾ ਹੋਵੇ ਤਾਂ ਅਸੀਂ ਤਿਆਰ ਰਹੀਏ। ਉਥੇ ਲਾਕਡਾਊਨ ਦੇ ਮਾਮਲੇ ਵਿਚ ਗਵਰਨਰ ਨੇ ਆਖਿਆ ਕਿ 15 ਮਈ ਤੋਂ ਪਹਿਲਾਂ ਰਾਜ ਵਿਚ ਲਾਕਡਾਊਨ ਹਟਾਉਣਾ ਬਹੁਤ ਕਾਹਲੀ ਭਰਿਆ ਕਦਮ ਹੋਵੇਗਾ। ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਨ 9 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ 52 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।


Khushdeep Jassi

Content Editor

Related News