ਪਾਕਿ ਸਰਕਾਰ ਨਵਾਜ਼ ਸ਼ਰੀਫ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰੇਗੀ ਤੇਜ਼
Wednesday, Sep 30, 2020 - 06:21 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਪ੍ਰਮੁੱਖ ਨਵਾਜ ਸ਼ਰੀਫ ਨੂੰ ਬ੍ਰਿਟੇਨ ਤੋਂ ਵਾਪਸ ਲਿਆਉਣ ਲਈ ਕਦਮ ਚੁੱਕਣ ਤੇ ਯਕੀਨੀ ਕਰਨ ਕਿ ਉਹ ਦੇਸ਼ ਦੀਆਂ ਵਿਭਿੰਨ ਅਦਾਲਤਾਂ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰਨ।
ਸ਼ਰੀਫ 2019 ਤੋਂ ਮੈਡੀਕਲ ਕਾਰਨਾਂ ਕਾਰਨ ਲੰਡਨ ਵਿਚ ਹਨ। ਡਾਨ ਨਿਊਜ਼ ਅਖਬਾਰ ਨੇ ਪਛਾਣ ਗੁਪਤ ਰੱਖਦੇ ਹੋਏ ਕੈਬਨਿਟ ਦੇ ਇਕ ਮੈਂਬਰ ਦੇ ਹਵਾਲੇ ਨਾਲ ਕਿਹਾ ਕਿ ਇਹ ਫੈਸਲਾ ਮੰਗਲਵਾਰ ਨੂੰ ਕੈਬਨਿਟ ਦੇ ਇਕ ਬੈਠਕ ਵਿਚ ਕੀਤਾ ਗਿਆ। ਖਬਰ ਦੇ ਮੁਤਾਬਕ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ। ਕੈਬਨਿਟ ਮੈਂਬਰ ਦੇ ਮੁਤਾਬਕ, ਪਾਕਿਸਤਾਨ ਸਰਕਾਰ ਨੇ ਬ੍ਰਿਟੇਨ ਸਰਕਾਰ ਨੂੰ ਪੀ.ਐੱਮ.ਐੱਲ.-ਐੱਨ. ਨੇਤਾ ਸ਼ਰੀਫ ਨੂੰ ਵਾਪਸ ਭੇਜਣ ਦੇ ਲਈ ਅਪੀਲ ਕੀਤੀ ਹੈ। ਭਾਵੇਂਕਿ ਹੁਣ ਉਹ ਨਵੇਂ ਸਿਰੇ ਤੋਂ ਅਰਜ਼ੀ ਭੇਜੇਗੀ।
ਉਹਨਾਂ ਨੇ ਦੱਸਿਆ,''ਸਧਾਰਨ ਅਰਜ਼ੀ ਦੇ ਨਾਲ ਉਹਨਾਂ ਦੀ ਹਵਾਲਗੀ ਦੇ ਲਈ ਰਸਮੀ ਅਪੀਲ ਵੀ ਕੀਤੀ ਜਾਵੇਗੀ। ਬ੍ਰਿਟੇਨ ਦੇ ਨਾਲ ਪਾਕਿਸਤਾਨ ਦੀ ਕੋਈ ਹਵਾਲਗੀ ਸੰਧੀ ਨਹੀਂ ਹੈ ਪਰ ਲੋੜੀਂਦੇ ਲੋਕਾਂ ਨੂੰ ਵਿਸ਼ੇਸ਼ ਵਿਵਸਥਾ ਦੇ ਤਹਿਤ ਵਾਪਸ ਲਿਆਂਦਾ ਜਾ ਸਕਦਾ ਹੈ ਜਿਵੇਂ ਪਹਿਲਾਂ ਅਸੀਂ ਕੁਝ ਲੋਕਾਂ ਨੂੰ ਬ੍ਰਿਟੇਨ ਨੂੰ ਸੌਂਪਿਆ ਸੀ।'' ਜ਼ਿਕਰਯੋਗ ਹੈ ਕਿ ਇਸਲਾਮਾਬਾਦਾ ਹਾਈ ਕੋਰਟ ਦੀ ਚਿਤਾਵਨੀ ਦੇ ਬਾਵਜੂਦ ਸ਼ਰੀਫ ਵੱਲੋਂ ਸਮਰਪਣ ਨਾ ਕੀਤੇ ਜਾਣ ਦੇ ਬਾਅਦ 15 ਸਤੰਬਰ ਨੂੰ ਉਹਨਾਂ ਦੇ ਖਿਲਾਫ਼ ਗੈਰ ਜਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਕਿਹਾ ਕਿ ਇਹ ਸੰਘੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਰੀਫ ਨੂੰ ਲੰਡਨ ਤੋਂ ਵਾਪਸ ਲਿਆਵੇ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕਰੇ। ਪੀ.ਐੱਮ.ਐੱਲ.-ਐੱਨ. ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ ਪਰ ਪਾਰਟੀ ਪ੍ਰਮੁੱਖ ਉਦੋਂ ਹੀ ਵਾਪਸ ਆਉਣਗੇ ਜਦੋਂ ਉਹਨਾਂ ਦੀ ਸਿਹਤ ਇਸ ਦੀ ਇਜਾਜ਼ਤ ਦੇਵੇਗੀ।