"ਤੁਸੀਂ ਭਾਵੇਂ ਕਿਤੇ ਵੀ ਭੱਜ ਜਾਓ, ਅਸੀਂ ਤੁਹਾਨੂੰ ਲੱਭ ਲਵਾਂਗੇ" ; ਕੈਨੇਡਾ ਨੇ ਭਾਰਤ ਤੋਂ ਮੰਗੀ ਪਨੇਸਰ ਦੀ ਹਵਾਲਗੀ
Thursday, Jan 15, 2026 - 02:39 PM (IST)
ਟੋਰਾਂਟੋ/ਬਰੈਂਪਟਨ - ਕੈਨੇਡਾ ਸਰਕਾਰ ਨੇ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਭਾਰਤ ਸਰਕਾਰ ਨੂੰ ਮੁੱਖ ਮੁਲਜ਼ਮ ਸਿਮਰਨਪ੍ਰੀਤ ਪਨੇਸਰ ਦੀ ਹਵਾਲਗੀ ਕਰਨ ਲਈ ਰਸਮੀ ਬੇਨਤੀ ਭੇਜੀ ਹੈ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, 33 ਸਾਲਾ ਪਨੇਸਰ ਇਸ ਕਰੋੜਾਂ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ ਹੈ ਅਤੇ ਇਸ ਸਮੇਂ ਉਸ ਦੇ ਭਾਰਤ ਵਿੱਚ ਲੁਕੇ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians

ਕੀ ਸੀ ਪੂਰਾ ਮਾਮਲਾ?
ਇਹ ਇਤਿਹਾਸਕ ਚੋਰੀ 17 ਅਪ੍ਰੈਲ 2023 ਵਿੱਚ ਵਾਪਰੀ ਸੀ, ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਟੋਰਾਂਟੋ ਪਹੁੰਚੀ ਇੱਕ ਫਲਾਈਟ ਵਿੱਚੋਂ ਲਗਭਗ 400 ਕਿਲੋਗ੍ਰਾਮ ਸ਼ੁੱਧ ਸੋਨਾ (6,600 ਸੋਨੇ ਦੀਆਂ ਇੱਟਾਂ) ਅਤੇ 25 ਲੱਖ ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਗਾਇਬ ਹੋ ਗਈ ਸੀ, ਜਿਸ ਦੀ ਕੁੱਲ ਕੀਮਤ 2 ਕਰੋੜ ਡਾਲਰ (ਕੈਨੇਡੀਅਨ) ਤੋਂ ਵੱਧ ਦੱਸੀ ਜਾਂਦੀ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦਾ ਰਹਿਣ ਵਾਲਾ ਸਿਮਰਨਪ੍ਰੀਤ ਪਨੇਸਰ ਉਸ ਸਮੇਂ ਏਅਰ ਕੈਨੇਡਾ ਦਾ ਕਰਮਚਾਰੀ ਸੀ ਅਤੇ ਉਸ ਨੇ ਆਪਣੀ ਪਹੁੰਚ ਦੀ ਵਰਤੋਂ ਕਰਕੇ ਇਸ ਮਹਿੰਗੀ ਖੇਪ ਦੀ ਪਛਾਣ ਕੀਤੀ ਅਤੇ ਇਸ ਨੂੰ ਚੋਰੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਪਨੇਸਰ ਨੂੰ ਪਹਿਲਾਂ ਚੰਡੀਗੜ੍ਹ ਦੇ ਨੇੜੇ ਕਿਰਾਏ ਦੇ ਮਕਾਨ ਵਿੱਚ ਵੀ ਟਰੇਸ ਕੀਤਾ ਗਿਆ ਸੀ।
ਪੁਲਸ ਦੀ ਕਾਰਵਾਈ: 'ਪ੍ਰੋਜੈਕਟ 24K'
ਇਸ ਪੂਰੀ ਕਾਰਵਾਈ ਨੂੰ ਪੁਲਸ ਨੇ 'ਪ੍ਰੋਜੈਕਟ 24K' ਦਾ ਨਾਂ ਦਿੱਤਾ ਹੈ ਅਤੇ ਹੁਣ ਤੱਕ 10 ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਹਾਲ ਹੀ ਵਿੱਚ, 12 ਜਨਵਰੀ ਨੂੰ ਪੁਲਸ ਨੇ ਇੱਕ ਹੋਰ ਮੁਲਜ਼ਮ ਅਰਸਲਾਨ ਚੌਧਰੀ (43) ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ, ਜੋ ਦੁਬਈ ਤੋਂ ਵਾਪਸ ਆ ਰਿਹਾ ਸੀ।
ਇਹ ਵੀ ਪੜ੍ਹੋ: ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ ਏਅਰਬੇਸ
ਹਵਾਲਗੀ ਦੀ ਮੰਗ ਅਤੇ ਚੇਤਾਵਨੀ
ਕੈਨੇਡੀਅਨ ਅਧਿਕਾਰੀਆਂ ਨੇ ਪਨੇਸਰ ਵਿਰੁੱਧ ਦੇਸ਼ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ ਅਤੇ ਉਸ 'ਤੇ 5,000 ਡਾਲਰ ਤੋਂ ਵੱਧ ਦੀ ਚੋਰੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਹਨ। ਪੁਲਸ ਨੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ "ਤੁਸੀਂ ਭਾਵੇਂ ਕਿਤੇ ਵੀ ਭੱਜ ਜਾਓ ਜਾਂ ਲੁਕ ਜਾਓ, ਅਸੀਂ ਤੁਹਾਨੂੰ ਲੱਭ ਲਵਾਂਗੇ"।
