ਗਲਾਸਗੋ ਦੇ ਸਿੱਖ ਨੌਜਵਾਨਾਂ ਦੀ ਦੇਸ਼ ਭਰ 'ਚ ਸ਼ਲਾਘਾ, ਹਸਪਤਾਲਾਂ 'ਚ ਲਗਾਤਾਰ ਭੇਜ ਰਹੇ ਪਿਜ਼ੇ
Sunday, Apr 12, 2020 - 09:21 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਿੱਖ ਨੌਜਵਾਨ ਵੱਖਰੀ ਮਿਸਾਲ ਪੇਸ਼ ਕਰਦਿਆਂ ਸਿਹਤ ਕਾਮਿਆਂ ਲਈ ਕਈ ਦਿਨਾਂ ਤੋਂ ਬਿਨਾ ਨਾਗਾ ਪਿਜ਼ੇ ਬਣਾ ਕੇ ਉਨ੍ਹਾਂ ਦੇ ਕੰਮ ਸਥਾਨਾਂ 'ਤੇ ਪਹੁੰਚਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਗੁਰੂ ਸਾਹਿਬਾਨਾਂ ਵਲੋਂ ਦਰਸਾਏ ਲੰਗਰ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗਲਾਸਗੋ ਦੇ ਸੇਵਾਦਾਰਾਂ ਵਲੋਂ ਮਹਾਂਮਾਰੀ ਦੇ ਦੌਰ ਵਿਚ ਸਿਹਤ ਕਾਮਿਆਂ ਦੀ ਭੁੱਖ-ਤੇਹ ਦਾ ਖਿਆਲ ਰੱਖਣਾ ਭਾਈ ਘਨੱਈਆ ਜੀ ਦੇ ਵਾਰਸ ਹੋਣ ਦਾ ਸੁਨੇਹਾ ਦੇ ਰਿਹਾ ਹੈ।
ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੈਂਟਰਲ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨਾਂ ਵਲੋਂ ਹਰ ਰੋਜ਼ ਪਿਜ਼ੇ ਬਣਾਉਣ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ। ਗਰਮਾ-ਗਰਮ ਪਿਜ਼ੇ ਮਾਨਵਤਾ ਦੀ ਸੇਵਾ 'ਚ ਜੁਟੇ ਸਿਹਤ ਕਾਮਿਆਂ ਦੇ ਮੂੰਹ ਦੀ ਬੁਰਕੀ ਬਣਦੇ ਹਨ । ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਰ ਰੋਜ਼ ਗਲਾਸਗੋ ਰਾਇਲ ਬੱਚਿਆਂ ਦੇ ਹਸਪਤਾਲ, ਗਾਰਟਨੈਵਲ ਜਨਰਲ ਹਸਪਤਾਲ ਵਿਖੇ ਪਿਜ਼ੇ ਪਹੁੰਚਾਏ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ, ਰਾਇਲ ਇਨਫਰਮਰੀ, ਗਾਰਟਨੈਵਲ ਜਨਰਲ ਅਤੇ ਰਾਇਲ ਅਲੈਗਜੈਂਡਰੀਆ ਹਸਪਤਾਲ ਪੇਜ਼ਲੀ ਦੇ ਸਿਹਤ ਕਾਮਿਆਂ ਲਈ ਵੀ ਪਿਜ਼ੇ ਪਹੁੰਚਾਏ ਜਾ ਰਹੇ ਹਨ। ਇਨ੍ਹਾਂ ਸੇਵਾਦਾਰ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਰੰਟਲਾਈਨ ਕਾਮੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਾਨਵਤਾ ਦੀ ਸੇਵਾ ਵਿਚ ਰੁੱਝੇ ਹੋਏ ਹਨ। ਸਾਡਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ, ਭਾਈ ਘਨਈਆ ਜੀ ਦੀ ਸਿੱਖਿਆ 'ਤੇ ਚੱਲਦਿਆਂ ਕੋਰੋਨਾ ਵਾਇਰਸ ਖਿਲਾਫ਼ ਜੰਗ ਲੜ ਰਹੇ ਜੁਝਾਰੂ ਸਿਹਤ ਕਾਮਿਆਂ ਦੇ ਖਾਣ-ਪੀਣ ਦੀ ਚਿੰਤਾ ਦੂਰ ਕਰੀਏ।
ਦੇਸ਼ ਭਰ ਵਿੱਚ ਹੋ ਰਹੀ ਹੈ ਤਾਰੀਫ਼
ਸਕਾਟਲੈਂਡ ਦੇ ਇਨ੍ਹਾਂ ਨੌਜਵਾਨਾਂ ਦੇ ਕਾਰਜਾਂ ਦੀ ਦੇਸ਼-ਵਿਦੇਸ਼ ਵਿਚ ਚਰਚਾ ਹੋ ਰਹੀ ਹੈ। ਲੰਡਨ ਤੋਂ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਉੱਘੀ ਸ਼ਾਇਰਾ ਕੁਲਵੰਤ ਢਿੱਲੋਂ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਲੇਖਕ ਬਲਵਿੰਦਰ ਚਾਹਲ ਮਾਧੋਝੰਡਾ ਆਦਿ ਨੇ ਇਨ੍ਹਾਂ ਉੱਦਮੀ ਨੌਜਵਾਨਾਂ ਨੂੰ ਸਲਾਮ ਭੇਜੀ ਹੈ, ਜੋ ਮੋਰਚਿਆਂ 'ਚ ਲੜ ਰਹੇ ਫੌਜੀਆਂ ਨੂੰ ਭੋਜਨ ਖੁਆਉਣ ਵਾਂਗ ਸਿਹਤ ਕਾਮਿਆਂ ਲਈ ਭੋਜਨ ਪਹੁੰਚਾ ਰਹੇ ਹਨ।