ਗਲਾਸਗੋ ਵਿਖੇ ਮਨਾਇਆ ਗਿਆ ਵਿਸ਼ਵ ਯੋਗ ਦਿਵਸ
Tuesday, Jun 22, 2021 - 01:56 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਭਾਰਤੀ ਕੌਂਸਲੇਟ ਜਨਰਲ ਦਫ਼ਤਰ ਐਡਿਨਬਰਾ ਦੇ ਵਿਸ਼ੇਸ਼ ਉਪਰਾਲੇ ਨਾਲ ਗਲਾਸਗੋ ਦੇ ਹਿੰਦੂ ਮੰਦਰ ਵਿਖੇ ਯੋਗ ਦਿਵਸ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ ਗਿਆ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ (ਏ. ਆਈ. ਓ.) ਅਤੇ ਹਿੰਦੂ ਮੰਦਰ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚੜ੍ਹੇ ਇਸ ਸਮਾਗਮ ਦੌਰਾਨ ਕੋਵਿਡ ਪਾਬੰਦੀਆਂ ਅਤੇ ਹਦਾਇਤਾਂ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ। ਸਮਾਗਮ ਦੇ ਸ਼ੁਰੂ ਵਿਚ ਏ. ਆਈ. ਓ. ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ ਵੱਲੋਂ ਸਮਾਗਮ ਵਿਚ ਹਿੱਸਾ ਲੈਣ ਆਏ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ।
ਉਨ੍ਹਾਂ ਕਿਹਾ ਕਿ ਯੋਗਾ ਦਾ ਸਬੰਧ ਸਿੱਧੇ ਤੌਰ 'ਤੇ ਸਰੀਰਕ ਅਰੋਗਤਾ ਨਾਲ ਹੈ। ਯੋਗਾ ਦੇ ਨਿਰੰਤਰ ਅਭਿਆਸ ਨਾਲ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਸਮੇਂ ਅਚਾਰੀਆ ਮੇਧਿਨੀਪਤੀ ਮਿਸ਼ਰ ਨੇ ਮੰਦਰ ਕਮੇਟੀ ਦੀ ਤਰਫੋਂ ਸਮੂਹ ਯੋਗਾ ਅਭਿਆਸੀਆਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿਚ ਡਾ. ਮਰੀਦੁੱਲਾ ਚਕਰਬੋਰਤੀ ਨੇ ਆਪਣੇ ਸੰਬੋਧਨ ਦੌਰਾਨ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ (ਏ ਆਈ ਓ), ਹਿੰਦੂ ਮੰਦਰ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਸਹਾਇਤਾ ਨਾਲ ਇਹ ਸਮਾਗਮ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕਿਆ।