ਕਿਸੇ ਵੇਲੇ ਵੀ ਫੱਟ ਸਕਦੀਆਂ 42 ਗਲੇਸ਼ੀਅਰ ਝੀਲਾਂ, ਆਵੇਗੀ ਵੱਡੀ ਤਬਾਹੀ!
Saturday, Nov 22, 2025 - 04:38 PM (IST)
ਕਾਠਮੰਡੂ- ਨੇਪਾਲ 'ਚ 42 ਅਜਿਹੀਆਂ ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੇ ਫੱਟਣ ਦਾ ਗੰਭੀਰ ਖ਼ਤਰਾ ਹੈ।। ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਇੰਟਰਨੈਸ਼ਨਲ ਸੈਂਟਰ ਫੋਰ ਇੰਟੀਗ੍ਰੇਟਡ ਮਾਊਂਟੇਨ ਡਿਵੈਲਪਮੈਂਟ (ICIMOD) ਦੇ ਮਾਹਿਰ ਸ਼ਰਦ ਪ੍ਰਸਾਦ ਜੋਸ਼ੀ ਨੇ ਸ਼ੁੱਕਰਵਾਰ ਨੂੰ ਸੰਖੁਵਾਸਭਾ ਜ਼ਿਲ੍ਹੇ ਦੇ ਹੈੱਡ ਕੁਆਰਟਰ ਖਾਂਦਬਾਰੀ 'ਚ ਹੋਈ ਇਕ ਚਰਚਾ 'ਚ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ 'ਚੋਂ ਕੋਈ ਝੀਲ ਫੱਟਦੀ ਹੈ ਤਾਂ ਭਾਰੀ ਜਾਨੀ-ਮਾਲੀ ਅਤੇ ਵੱਡੇ ਪੈਮਾਨੇ 'ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋ ਸਕਦਾ ਹੈ। ICIMOD ਦੀ ਰਿਪੋਰਟ ਅਨੁਸਾਰ, ਨੇਪਾਲ ਦੀਆਂ 2,069 ਗਲੇਸ਼ੀਅਰ ਝੀਲਾਂ 'ਚੋਂ 42 ਨੂੰ “ਅਤੀ ਉੱਚ-ਖਤਰੇ” ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਹ ਸਾਰੀਆਂ ਝੀਲਾਂ ਕੋਸ਼ੀ ਪ੍ਰਾਂਤ 'ਚ ਸਥਿਤ ਹਨ। ਸੰਖੁਵਾਸਭਾ ਜ਼ਿਲ੍ਹੇ ਦੇ ਭੋਟਖੋਲਾ ਅਤੇ ਮਕਾਲੂ ਸਮੇਤ ਚਾਰ ਝੀਲਾਂ ਨੂੰ ਖ਼ਾਸ ਤੌਰ ‘ਤੇ ਉੱਚ ਖਤਰੇ ਵਾਲੀਆਂ ਦਰਸਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਇਨ੍ਹਾਂ 'ਚੋਂ ਲੋਅਰ ਬਾਰੁਨ ਖੇਤਰ ਦੀ "ਤਲੋਪੋਖਰੀ" ਝੀਲ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਗਿਆ ਹੈ। ਝੀਲ ਲਗਭਗ 3 ਕਿਲੋਮੀਟਰ ਲੰਬੀ ਅਤੇ 206 ਮੀਟਰ ਡੂੰਘੀ ਹੈ, ਜਦਕਿ ਇਸ ਦੇ ਆਲੇ ਦੁਆਲੇ ਦੀ ਔਸਤ ਗਹਿਰਾਈ 15 ਤੋਂ 25 ਮੀਟਰ ਹੈ। ਰਿਪੋਰਟ ਮੁਤਾਬਕ, ਜੇ ਇਨ੍ਹਾਂ 'ਚੋਂ ਕੋਈ ਵੀ ਝੀਲ ਫੱਟਦੀ ਹੈ, ਤਾਂ ਅਰੂਣ ਘਾਟੀ ਦੀਆਂ ਕਈ ਬਸਤੀਆਂ, ਪੁਲ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ, ਤਿਬੱਤ 'ਚ ਸਥਿਤ 13 ਗਲੇਸ਼ੀਅਰ ਝੀਲਾਂ ਵੀ ਨੇਪਾਲ ਦੇ ਉੱਤਰੀ ਹਿੱਸਿਆਂ ਲਈ ਖਤਰਾ ਬਣੀਆਂ ਹੋਈਆਂ ਹਨ।
ICIMOD, ਨੇਪਾਲ ਦੇ ਜਲ-ਮੌਸਮ ਵਿਭਾਗ ਅਤੇ UNDP ਮਿਲ ਕੇ ਇਨ੍ਹਾਂ ਉੱਚ-ਖਤਰੇ ਵਾਲੀਆਂ ਝੀਲਾਂ ‘ਤੇ ਜ਼ੋਖਮ ਘਟਾਉਣ ਲਈ ਕੰਮ ਕਰ ਰਹੇ ਹਨ। ਮਾਹਿਰ ਨੀਰਾ ਸ਼੍ਰੇਸਠਾ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਔਰਤਾਂ, ਬੱਚਿਆਂ ਅਤੇ ਬੁਜ਼ੁਰਗਾਂ ‘ਤੇ ਸਭ ਤੋਂ ਵੱਧ ਅਸਰ ਪੈਂਦਾ ਹੈ, ਇਸ ਲਈ ਲੋਕਾਂ ਨੂੰ ਚੌਕਸ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵਿਗਿਆਨੀਆਂ ਨੇ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਖੇਤਰਾਂ 'ਚ ਤੁਰੰਤ ਸਰਵੇਖਣ, ਨਿਗਰਾਨੀ ਅਤੇ ਤਿਆਰੀ ਵਧਾਉਣ ਦੀ ਲੋੜ ਹੈ, ਤਾਂ ਜੋ ਸੰਭਵ ਤਬਾਹੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
