ਇੰਡੋਨੇਸ਼ੀਆ ''ਚ ਭਾਰੀ ਤਬਾਹੀ: ਜਾਵਾ ਟਾਪੂ ''ਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੋਈ 23
Thursday, Nov 20, 2025 - 05:12 PM (IST)
ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਦੇ 2 ਇਲਾਕਿਆਂ ਵਿਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਦੌਰਾਨ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਤਬਾਹੀ ਅਤੇ ਬਚਾਅ ਕਾਰਜ
ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਦੱਸਿਆ ਕਿ ਸੈਂਟਰਲ ਜਾਵਾ ਸੂਬੇ ਦੇ ਚਿਲਾਕਪ ਜ਼ਿਲ੍ਹੇ ਵਿੱਚ, ਬਚਾਅ ਕਰਮਚਾਰੀਆਂ ਨੇ ਲਗਭਗ ਦੋ ਦਰਜਨ ਖੁਦਾਈ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾ ਕੇ ਬੁੱਧਵਾਰ ਨੂੰ 4 ਹੋਰ ਲਾਸ਼ਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ, ਬਚਾਅ ਕਰਮਚਾਰੀਆਂ ਨੇ ਬੁੱਧਵਾਰ ਨੂੰ ਸੈਂਟਰਲ ਜਾਵਾ ਦੇ ਇੱਕ ਹੋਰ ਹਿੱਸੇ ਵਿੱਚ ਜ਼ਮੀਨ ਖਿਸਕਣ ਵਾਲੀ ਥਾਂ ਤੋਂ ਵੀ ਇੱਕ ਲਾਸ਼ ਕੱਢੀ, ਜਿਸ ਨਾਲ ਉੱਥੇ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ।
ਲੋਕਾਂ ਦਾ ਪੁਨਰਵਾਸ
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਖੇਤਰ ਤੋਂ 296 ਮਕਾਨਾਂ ਨੂੰ ਅਗਲੇ 6 ਮਹੀਨਿਆਂ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਨਵੀਂ ਜਗ੍ਹਾ ਮਿਲਣ ਤੱਕ, ਹਰੇਕ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।
