ਆਸਟਰੇਲੀਆ ਪਹੁੰਚੇ ਗਿੱਪੀ ਤੇ ਸੋਨਮ, ਲੋਕਲ ਰਵਾਇਤ ਮੁਤਾਬਕ ਸ਼ਾਨਦਾਰ ਸਵਾਗਤ
Wednesday, Jun 07, 2023 - 08:50 AM (IST)
ਸਿਡਨੀ (ਰਮਨ ਸੋਢੀ, ਸਨੀ ਚਾਂਦਪੁਰੀ)- ਪੰਜਾਬੀ ਫਿਲਮ ਇੰਡਸਟਰੀ ਦੇ ਕਾਮਯਾਬ ਅਦਾਕਾਰ, ਪ੍ਰੋਡਿਊਸਰ ਅਤੇ ਡਾਇਰੈਕਟਰ ਗਿੱਪੀ ਗਰੇਵਾਲ ਅੱਜ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਅਦਾਕਾਰਾ ਸੋਨਮ ਬਾਜਵਾ ਅਤੇ ਭਾਨਾ ਸਿੱਧੂ ਵੀ ਪਹੁੰਚੇ ਹਨ। ਆਪਣੀ 29 ਜੂਨ ਨੂੰ ਰਲੀਜ਼ ਹੋਣ ਵਾਲੀ ਫਿਲਮ ਕੈਰੀ ਆਨ ਜੱਟਾ 3 ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਆਉਣ ਵਾਲਾ ਹਫ਼ਤਾ ਆਸਟਰੇਲੀਆ ਵਿਚ ਰਹਿਣਗੇ।
ਸਿਡਨੀ ਏਅਰਪੋਰਟ 'ਤੇ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਅਤੇ ਦੋਸਤਾਂ ਮਿੱਤਰਾਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਸੁਆਗਤ ਕੀਤਾ ਗਿਆ। ਆਸਟਰੇਲੀਆ ਦੇ ਐਬੂਰਿਜਨਲਸ ਵੱਲੋਂ ਪੁਰਾਤਨ ਰਵਾਇਤ ਮੁਤਾਬਕ ਗਿੱਪੀ ਤੇ ਸੋਨਮ ਦਾ ਸਵਾਗਤ ਹੋਇਆ। ਐਬੂਰਿਜਨਲਸ ਨੇ ਰਵਾਇਤੀ ਸਾਜ਼ਾਂ ਅਤੇ ਪੰਜਾਬੀ ਭਾਸ਼ਾ ਵਿੱਚ ਸਤਿ ਸ੍ਰੀ ਅਕਾਲ ਅਤੇ ਜੀ ਆਇਆਂ ਨੂੰ ਆਖ ਕੇ ਸਟਾਰ ਕਾਸਟ ਦਾ ਸੁਆਗਤ ਕੀਤਾ।
ਜ਼ਿਕਰਯੋਗ ਹੈ ਕਿ ਕੈਰੀ ਆਨ ਜੱਟਾ ਦਾ ਸਿੱਕੁਅਲ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਪਹਿਲੀ ਫਿਲਮ ਹਿੱਟ ਮਾਸਟਰ ਪੀਸ ਸਾਬਤ ਹੋਈ ਸੀ, ਦੂਜੀ ਨੇ ਚੰਗਾ ਕਾਰੋਬਾਰ ਕੀਤਾ ਸੀ ਤੇ ਤੀਜੀ ਉੱਪਰ ਖੁਦ ਗਿੱਪੀ ਨੇ ਕਾਫ਼ੀ ਖ਼ਰਚਾ ਕੀਤਾ ਹੈ। ਉਮੀਦ ਹੈ ਕਿ ਲੰਬੀ ਉਡੀਕ ਬਾਅਦ ਆਈ ਇਸ ਕਾਮੇਡੀ ਫਿਲਮ ਨੂੰ ਲੋਕ ਚੰਗਾ ਹੁੰਗਾਰਾ ਦੇਣਗੇ।