ਐਪ੍ਰੀਲੀਆ 'ਚ ਪੰਜਾਬਣਾਂ ਨੇ ਗਿੱਧੇ ਨਾਲ ਬੰਨ੍ਹਿਆ ਰੰਗ

08/17/2019 7:59:27 AM

ਮਿਲਾਨ, (ਸਾਬੀ ਚੀਨੀਆ)— ਇਟਲੀ ਵਿਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਮਸ਼ਹੂਰ ਜ਼ਿਲ੍ਹਾ ਲਾਤੀਨਾ ਦੇ ਕਸਬਾ ਐਪ੍ਰੀਲੀਆ ਵਿਚ ਪੰਜਾਬਣ ਮੁਟਿਆਰਾਂ ਵਲੋਂ “ਤੀਆਂ ਦਾ ਮੇਲਾ'' ਨਾਂ ਹੇਠ ਕਰਵਾਏ ਪ੍ਰੋਗਰਾਮ 'ਚ ਪੰਜਾਬਣਾਂ  ਨੇ ਗਿੱਧੇ-ਭੰਗੜੇ ਨਾਲ ਧਮਾਲ ਪਾਉਂਦੇ ਹੋਏ ਪੰਜਾਬੀ ਸੱਭਿਅਚਾਰ ਦੀਆਂ ਵੰਨਗੀਆਂ ਨੂੰ ਦਰਸਾਉਂਦਾ ਪ੍ਰੋਗਰਾਮ ਕਰਵਾ ਕੇ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਵਲੋਂ ਵੱਖ-ਵੱਖ ਗੀਤਾਂ ਉੱਤੇ ਕੋਰੀਓਗ੍ਰਾਫੀ ਕਰਦਿਆਂ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਗਈ।

ਉਪਰੰਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਗਿੱਧੇ ਨੇ ਸਭ ਨੂੰ ਝੂਮਣ ਲਾ ਦਿੱਤਾ। ਪੰਜਾਬੀ ਵਿਰਸੇ ਨੂੰ ਦਰਸਾਉਂਦੇ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਵਲੋਂ ਲੋਕ ਬੋਲੀਆਂ ਤੇ ਗਿੱਧਾ ਪਾ ਕੇ ਪੁਰਾਤਨ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਗਈਆਂ। ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਪੰਜਾਬਣਾਂ ਨੇ ਆਖਿਆ ਕਿ ਅਜਿਹੇ ਮੇਲਿਆਂ ਨੂੰ ਧਾਰਮਿਕ ਸੰਸਥਾਵਾਂ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਸਗੋ ਇਹ ਤਾਂ ਮਨੋਰੰਜਨ ਦਾ ਇਕ ਸਧਾਰਨ ਜਿਹਾ ਸਾਧਨ ਹਨ, ਜਿਸ ਨਾਲ ਧੀਆਂ-ਭੈਣਾਂ ਇੱਕਠੀਆਂ ਹੋ ਕੇ ਆਪਣੇ ਦਿਲਾਂ ਦੀਆਂ ਭਾਵਨਾਵਾਂ ਸਾਝੀਆਂ ਕਰਦੀਆਂ ਹਨ ।


Related News