ਸਾਨੂੰ 'ਸ਼ੀਤ ਯੁੱਧ' ਤੋਂ ਬਚਣਾ ਹੋਵੇਗਾ: ਜਰਮਨੀ
Wednesday, Mar 28, 2018 - 03:41 PM (IST)

ਬਰਲਿਨ (ਵਾਰਤਾ)— ਜਰਮਨੀ ਨੇ ਕਿਹਾ ਹੈ ਕਿ ਉਹ ਸ਼ੀਤ ਯੁੱਧ ਤੋਂ ਬਚਣਾ ਚਾਹੁੰਦਾ ਹੈ ਅਤੇ ਜਾਸੂਸੀ ਕਾਂਡ 'ਚ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਖੜ੍ਹਾ ਹੋਣ ਦੇ ਬਾਵਜੂਦ ਰੂਸ ਨਾਲ ਗੱਲਬਾਤ ਨੂੰ ਜਾਰੀ ਰੱਖਣ ਦਾ ਇੱਛੁਕ ਹੈ। ਜਰਮਨੀ ਸਰਕਾਰ ਵਿਚ ਰੂਸ ਲਈ ਕੋਆਰਡੀਨੇਟਰ ਗੇਨਰੋਟ ਅਲੇਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਆਖੀ ਹੈ।
ਉਨ੍ਹਾਂ ਨੇ ਕਿਹਾ ਕਿ ਜਰਮਨੀ ਤੋਂ ਰੂਸ ਦੇ 4 ਡਿਪਲੋਮੈਟਾਂ ਨੂੰ ਵਾਪਸ ਭੇਜਣ ਦਾ ਫੈਸਲਾ ਇੰਗਲੈਂਡ ਵਿਚ ਰੂਸ ਦੇ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਨੂੰ ਜ਼ਹਿਰ ਦੇ ਕੇ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਬ੍ਰਿਟੇਨ ਨਾਲ ਇਕਜੁਟਤਾ ਦਾ ਸੂਚਕ ਸੀ। ਗੇਨਰੋਟ ਨੇ ਕਿਹਾ ਕਿ ਅਸੀਂ ਆਪਣੇ ਰੁਖ 'ਤੇ ਪੱਕੇ ਹਾਂ ਪਰ ਅਸੀਂ ਰੂਸ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ। ਅਸੀਂ ਨਵੇਂ 'ਸ਼ੀਤ ਯੁੱਧ' ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।