ਜਰਮਨੀ ਦੀ ਰੂਸ ''ਤੇ ਜਵਾਬੀ ਕਾਰਵਾਈ, 4 ਰੂਸੀ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਦਿੱਤਾ ਹੁਕਮ
Thursday, Jun 01, 2023 - 01:14 PM (IST)
ਬਰਲਿਨ (ਭਾਸ਼ਾ)- ਰੂਸ ਵਿੱਚ ਜਰਮਨ ਦੂਤਘਰ ਵਿੱਚ ਸਟਾਫ ਦੀ ਗਿਣਤੀ ਨੂੰ ਸੀਮਤ ਕੀਤੇ ਜਾਣ ਸਬੰਧੀ ਮਾਸਕੋ ਦੇ ਕਦਮ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਬਰਲਿਨ ਨੇ ਉਸ ਨੂੰ ਜਰਮਨੀ ਵਿੱਚ ਸਥਿਤ 5 ਰੂਸੀ ਵਣਜ ਦੂਤਘਰ ਵਿੱਚੋਂ 4 ਨੂੰ ਬੰਦ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਕ੍ਰਿਸਟੋਫਰ ਬਰਜਰ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕਦਮ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਕਰਮਚਾਰੀਆਂ ਅਤੇ ਸੰਸਥਾਵਾਂ ਦੀ ਗਿਣਤੀ ਨੂੰ ਬਰਾਬਰ ਕਰਨਾ ਹੈ।
ਰੂਸੀ ਸਰਕਾਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਵੱਧ ਤੋਂ ਵੱਧ 350 ਤੱਕ ਜਰਮਨ ਸਰਕਾਰੀ ਅਧਿਕਾਰੀ ਰੂਸ ਵਿੱਚ ਰਹਿ ਸਕਦੇ ਹਨ। ਇਨ੍ਹਾਂ ਵਿੱਚ ਸੱਭਿਆਚਾਰਕ ਸੰਸਥਾਵਾਂ ਅਤੇ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਅਧਿਕਾਰੀ ਵੀ ਸ਼ਾਮਲ ਹਨ। ਬਰਜਰ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਜਰਮਨੀ ਨੂੰ ਨਵੰਬਰ ਤੱਕ ਰੂਸ ਵਿੱਚ 3 ਵਣਜ ਦੂਤਘਰ ਬੰਦ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਰੂਸ ਨੂੰ ਇਸ ਸਾਲ ਦੇ ਅੰਤ ਤੋਂ ਬਾਅਦ ਬਰਲਿਨ ਵਿੱਚ ਇਕ ਦੂਤਘਰ ਅਤੇ ਇਕ ਵਣਜ ਦੂਤਘਰ ਦਾ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ।