ਜਾਰਜ ਫਲਾਇਡ ਹੱਤਿਆ ਮਾਮਲਾ, ਪੁਲਸ ਅਧਿਕਾਰੀ ਚੌਵਿਨ ਨੂੰ ਮਿਲੀ ਇੰਨੇ ਸਾਲ ਜੇਲ੍ਹ ਦੀ ਸਜ਼ਾ

Saturday, Jun 26, 2021 - 06:53 PM (IST)

ਜਾਰਜ ਫਲਾਇਡ ਹੱਤਿਆ ਮਾਮਲਾ, ਪੁਲਸ ਅਧਿਕਾਰੀ ਚੌਵਿਨ ਨੂੰ ਮਿਲੀ ਇੰਨੇ ਸਾਲ ਜੇਲ੍ਹ ਦੀ ਸਜ਼ਾ

ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਅਸ਼ਵੇਤ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ’ਚ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੇਰੇਕ ਚੌਵਿਨ ਨੂੰ 22 ਸਾਲ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਚੌਵਿਨ ਨੇ ਫਲਾਇਡ ਦੀ ਧੌਣ ਨੂੰ ਆਪਣੇ ਗੋਡੇ ਨਾਲ ਦਬਾਇਆ ਸੀ, ਜਿਸ ਕਾਰਨ ਸਾਹ ਘੁਟਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਅਮਰੀਕਾ ’ਚ ਨਸਲੀ ਭੇਦਭਾਵ ਖ਼ਿਲਾਫ਼ ਸਭ ਤੋਂ ਵੱਡਾ ਅੰਦੋਲਨ ਹੋਇਆ ਸੀ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਤਕਰੀਬਨ ਇਕ ਸਾਲ ਦੀ ਚੁੱਪੀ ਤੋਂ ਬਾਅਦ ਚੌਵਿਨ ਨੇ ਫਲਾਇਡ ਦੇ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਉਮੀਦ ਜਤਾਈ ਕਿ ‘ਆਖਿਰਕਾਰ ਹੁਣ ਉਨ੍ਹਾਂ ਦੇ ਮਨ ਨੂੰ ਕੁਝ ਸ਼ਾਂਤੀ ਮਿਲੇਗੀ।’

ਇਹ ਵੀ ਪੜ੍ਹੋ : ਚੀਨ ਦੇ ਤਸ਼ੱਦਦ ਦੀ ਦਾਸਤਾਨ, ਉਈਗਰ ਮੁਸਲਮਾਨਾਂ ਨੂੰ ਦੇ ਰਿਹਾ 25 ਸਾਲ ਤੱਕ ਦੀ ਸਖਤ ਸਜ਼ਾ

ਅਸ਼ਵੇਤ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਕਿਸੇ ਪੁਲਸ ਅਧਿਕਾਰੀ ਨੂੰ ਦਿੱਤੀ ਗਈ ਹੁਣ ਤਕ ਦੀ ਸਭ ਤੋਂ ਲੰਮੀ ਮਿਆਦ ਵਾਲੀ ਜੇਲ੍ਹ ਦੀ ਸਜ਼ਾ ਹੈ। ਹਾਲਾਂਕਿ ਫਲਾਇਡ ਦਾ ਪਰਿਵਾਰ ਤੇ ਹੋਰ ਹੁਣ ਵੀ ਨਿਰਾਸ਼ ਹਨ ਕਿਉਂਕਿ ਵਕੀਲਾਂ ਨੇ ਇਸ ਅਪਰਾਧ ਲਈ ਚੌਵਿਨ ਨੂੰ 30 ਸਾਲ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ ਸੀ। ਚੰਗੇ ਵਿਵਹਾਰ ’ਤੇ ਚੌਵਿਨ (45) ਨੂੰ ਆਪਣੀ ਦੋ-ਤਿਹਾਈ ਸਜ਼ਾ ਪੂਰੀ ਕਰਨ ਜਾਂ ਤਕਰੀਬਨ 15 ਸਾਲ ਜੇਲ੍ਹ ’ਚ ਬਿਤਾਉਣ ਤੋਂ ਬਾਅਦ ਪੈਰੋਲ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਮਿਨੀਆਪੋਲਿਸ ਪ੍ਰਦਰਸ਼ਨ ਦੀ ਆਗੂ ਨੇਕਿਮਾ ਲੇਵੀ ਆਰਮਸਟ੍ਰਾਂਗ ਨੇ ਕਿਹਾ ਕਿ ਸਿਰਫ ਸਜ਼ਾ ਦੀ ਮਿਆਦ ਜ਼ਿਆਦਾ ਹੋਣਾ ਹੀ ਕਾਫ਼ੀ ਨਹੀਂ ਹੈ। ਜੱਜ ਪੀਟਰ ਕਾਹਿਲ ਨੇ ਸੂਬੇ ਦੇ ਦਿਸ਼ਾ-ਨਿਰਦੇਸ਼ਾਂ ਤੋਂ ਉਪਰ ਉੱਠ ਕੇ ਇਸ ਦੇ ਅਧੀਨ ਤੈਅ 12 ਸਾਲ ਛੇ ਮਹੀਨਿਆਂ ਦੀ ਸਜ਼ਾ ਤੋਂ ਵੱਧ ਦੀ ਸਜ਼ਾ ਸੁਣਾਈ ਤੇ ਚੌਵਿਨ ਨੂੰ ਆਪਣੇ ਅਧਿਕਾਰ ਤੇ ਅਹੁਦੇ ਦੀ ਦੁਰਵਰਤੋਂ ਤੇ ਫਲਾਇਡ ਪ੍ਰਤੀ ਨਫਰਤ ਦਿਖਾਉਣ ਦਾ ਦੋਸ਼ੀ ਪਾਇਆ।


author

Manoj

Content Editor

Related News