ਫਰਾਂਸ 'ਚ Gen Z ਅੰਦੋਲਨ ਤੇਜ਼: ਪੁਲਸ ਨਾਲ ਝੜਪ ਦੌਰਾਨ ਗ੍ਰੇਨੇਡ ਫਟਣ ਕਾਰਨ ਵਿਦਿਆਰਥੀ ਨੇ ਗੁਆਇਆ ਹੱਥ

Friday, Oct 09, 2026 - 07:48 PM (IST)

ਫਰਾਂਸ 'ਚ Gen Z ਅੰਦੋਲਨ ਤੇਜ਼: ਪੁਲਸ ਨਾਲ ਝੜਪ ਦੌਰਾਨ ਗ੍ਰੇਨੇਡ ਫਟਣ ਕਾਰਨ ਵਿਦਿਆਰਥੀ ਨੇ ਗੁਆਇਆ ਹੱਥ

ਪੈਰਿਸ — ਫਰਾਂਸ ਵਿੱਚ ਵਿਦਿਆਰਥੀਆਂ ਦਾ 'ਜੈਨ-ਜੀ' ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਸਕੂਲਾਂ ਦੀ ਖਸਤਾ ਹਾਲਤ, ਸਟਾਫ਼ ਦੀ ਘਾਟ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਹੈ। ਰਾਜਧਾਨੀ ਪੈਰਿਸ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਕਾਰਨ ਅਰਾਜਕਤਾ ਦਾ ਮਾਹੌਲ ਬਣ ਗਿਆ ਹੈ, ਜਿੱਥੇ ਤੋੜ-ਫੋੜ ਅਤੇ ਪੁਲਸ ਨਾਲ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਉੱਤਰੀ ਫਰਾਂਸ ਦੇ ਲੈਂਸ (Lens) ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਹੋਈ ਝੜਪ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 15 ਸਾਲਾ ਵਿਦਿਆਰਥੀ ਦਾ ਹੱਥ ਗ੍ਰੇਨੇਡ ਫਟਣ ਕਾਰਨ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਵਿਦਿਆਰਥੀ ਨੇ ਪੁਲਸ ਵੱਲੋਂ ਸੁੱਟਿਆ ਗ੍ਰੇਨੇਡ ਚੁੱਕ ਲਿਆ ਸੀ, ਜੋ ਉਸ ਦੇ ਹੱਥ ਵਿੱਚ ਹੀ ਫਟ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੈਂਸ ਸ਼ਹਿਰ ਵਿੱਚ ਸਕੂਲਾਂ ਨੂੰ ਲੈ ਕੇ ਚੱਲ ਰਿਹਾ ਇਹ ਵਿਰੋਧ ਪ੍ਰਦਰਸ਼ਨ ਹੁਣ ਤੀਜੇ ਹਫ਼ਤੇ ਵਿੱਚ ਪ੍ਰਵੇਸ਼ ਕਰ ਗਿਆ ਹੈ।

ਅੰਦੋਲਨਕਾਰੀ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ, ਜਿਸ ਨਾਲ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧ ਗਈਆਂ ਹਨ। ਦੂਜੇ ਪਾਸੇ, ਮਨੁੱਖੀ ਅਧਿਕਾਰ ਸੰਗਠਨਾਂ ਨੇ ਪੁਲਿਸ 'ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਬਹੁਤ ਜ਼ਿਆਦਾ ਸਖ਼ਤ ਤਰੀਕੇ ਵਰਤਣ ਦੇ ਦੋਸ਼ ਲਗਾਏ ਹਨ।

ਫਰਾਂਸ ਦੇ ਸਿੱਖਿਆ ਮੰਤਰੀ ਐਡੁਆਰਡ ਗ੍ਰੇਫ੍ਰੇ ਨੇ ਉੱਤਰੀ ਪੈਰਿਸ ਦੇ ਉਪ-ਨਗਰਾਂ ਵਿੱਚ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਪ੍ਰਦਰਸ਼ਨਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਘਟੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਅਤੇ ਨਾਰਾਜ਼ਗੀ ਨੂੰ ਦੂਰ ਕਰਨ ਲਈ ਇੱਕ ਨਵਾਂ ਮੰਚ ਸ਼ੁਰੂ ਕਰਨ ਜਾ ਰਹੀ ਹੈ। ਫਿਲਹਾਲ, ਫਰਾਂਸ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ, ਪੁਲਿਸ ਦੀ ਕਾਰਵਾਈ ਅਤੇ ਸਰਕਾਰ ਦੇ ਰੁੱਖ ਨੂੰ ਲੈ ਕੇ ਬਹਿਸ ਜਾਰੀ ਹੈ।


author

Inder Prajapati

Content Editor

Related News