ਗਾਜ਼ਾ ’ਤੇ ਇਜ਼ਰਾਈਲੀ ਹਮਲਿਆਂ ’ਚ 184 ਲੋਕਾਂ ਦੀ ਮੌਤ

Monday, Jan 06, 2025 - 01:00 PM (IST)

ਗਾਜ਼ਾ ’ਤੇ ਇਜ਼ਰਾਈਲੀ ਹਮਲਿਆਂ ’ਚ 184 ਲੋਕਾਂ ਦੀ ਮੌਤ

ਗਾਜ਼ਾ-  ਗਾਜ਼ਾ ਪੱਟੀ ਵਿਚ ਪਿਛਲੇ 72 ਘੰਟਿਆਂ ’ਚ ਇਜ਼ਰਾਈਲੀ ਫੌਜ ਵਲੋਂ ਕੀਤੇ ਗਏ 94 ਹਵਾਈ ਹਮਲਿਆਂ ਅਤੇ ਗੋਲੀਬਾਰੀ ’ਚ 184 ਲੋਕ ਮਾਰੇ ਗਏ ਹਨ। ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਮੀਡੀਆ ਦਫਤਰ ਨੇ ਸ਼ਨੀਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਇਕ ਬਿਆਨ ’ਚ ਦਫਤਰ ਨੇ ਨਿਹੱਥੇ ਨਾਗਰਿਕਾਂ ਅਤੇ ਰਿਹਾਇਸ਼ੀ ਖੇਤਰਾਂ, ਖਾਸ ਕਰ ਕੇ ਗਾਜ਼ਾ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਨੂੰ ‘ਖਤਰਨਾਕ ਅਤੇ ਬੇਰਹਿਮ’ ਦੱਸਿਆ। ਬਿਆਨ ’ਚ ਕਿਹਾ ਗਿਆ ਹੈ ਕਿ ਕਈ ਪੀੜਤ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ। ਬੁਨਿਆਦੀ ਢਾਂਚੇ ਦੇ ਨੁਕਸਾਨ ਕਾਰਨ ਹਸਪਤਾਲਾਂ ਤੱਕ ਉਨ੍ਹਾਂ ਦੀ ਪਹੁੰਚ ’ਚ ਰੁਕਾਵਟ ਆਈ। ਗਾਜ਼ਾ ’ਚ ਫਿਲਸਤੀਨੀ ਸਿਵਲ ਡਿਫੈਂਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲੀ ਹਵਾਈ ਹਮਲੇ ਪਿਛਲੇ ਤਿੰਨ ਦਿਨਾਂ ’ਚ ਹਿੰਸਕ ਤੌਰ ’ਤੇ ਤੇਜ਼ ਹੋ ਗਏ ਹਨ, ਜਿਸ ਨੂੰ ਸਥਾਨਕ ਨਿਵਾਸੀਆਂ ਨੇ ਇਕ ਅਸਾਧਾਰਨ ਮੁਸ਼ਕਲ ਦੌਰ ਦੱਸਿਆ ਹੈ।

ਬਿਆਨ ’ਚ ਇਜ਼ਰਾਈਲੀ ਬਲਾਂ ਨੂੰ ਇਨ੍ਹਾਂ ‘ਭਿਆਨਕ ਅਪਰਾਧਾਂ’ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਇਜ਼ਰਾਈਲ ਨੂੰ ਹਥਿਆਰ ਅਤੇ ਰਾਜਨੀਤਕ ਸਹਾਇਤਾ ਪ੍ਰਦਾਨ ਕਰਨ ਲਈ ਅਮਰੀਕੀ ਪ੍ਰਸ਼ਾਸਨ ਦੀ ਵੀ ਆਲੋਚਨਾ ਕੀਤੀ ਗਈ ਹੈ। ਬਿਆਨ ’ਚ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਨ੍ਹਾਂ ‘ਘਿਨਾਉਣੇ ਅਪਰਾਧਾਂ’ ਨੂੰ ਦਸਤਾਵੇਜ਼ੀ ਬਣਾਉਣ ਅਤੇ ਦੋਸ਼ੀਆਂ ਲਈ ਜਵਾਬਦੇਹੀ ਯਕੀਨੀ ਬਣਾਉਣ ਲਈ ਸੁਤੰਤਰ ਜਾਂਚ ਟੀਮਾਂ ਭੇਜ ਕੇ ਆਪਣੀਆਂ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣ ਲਈ ਕਿਹਾ ਹੈ।


author

cherry

Content Editor

Related News