ਗਾਜ਼ਾ ’ਚ ਤੁਰਕੀ ਫੌਜਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਨਹੀਂ : ਇਜ਼ਰਾਈਲ
Tuesday, Oct 28, 2025 - 09:53 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਗਾਜ਼ਾ ਵਿਚ ਅੰਤਰਰਾਸ਼ਟਰੀ ਫੌਜ ’ਚ ਕਿਹੜੇ-ਕਿਹੜੇ ਦੇਸ਼ਾਂ ਦੀਆਂ ਫੌਜਾਂ ਸ਼ਾਮਲ ਹੋਣਗੀਆਂ, ਬਾਰੇ ਫੈਸਲਾ ਸਿਰਫ ਇਜ਼ਰਾਈਲ ਹੀ ਲਵੇਗਾ। ਇਹ ਪ੍ਰਸਤਾਵ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦਾ ਹਿੱਸਾ ਹੈ, ਜਿਸ ਦਾ ਮਕਸਦ ਸੰਘਰਸ਼ ਨੂੰ ਸਥਾਈ ਤੌਰ ’ਤੇ ਖਤਮ ਕਰਨਾ ਹੈ। ਹਾਲਾਂਕਿ, ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਵਿਦੇਸ਼ੀ ਫੌਜ ਦੀ ਤਾਇਨਾਤੀ ਇਜ਼ਰਾਈਲ ਦੀ ਪ੍ਰਵਾਨਗੀ ਨਾਲ ਹੀ ਸੰਭਵ ਹੋਵੇਗੀ। ਇਸ ਤੋਂ ਬਾਅਦ ਸੋਮਵਾਰ ਨੂੰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨੇ ਐਲਾਨ ਕੀਤਾ ਕਿ ਇਜ਼ਰਾਈਲ ਫਿਲਸਤੀਨੀ ਇਲਾਕਿਆਂ ਵਿਚ ਜੰਗ ਨੂੰ ਸਥਾਈ ਤੌਰ ’ਤੇ ਰੋਕਣ ਦੀ ਅਮਰੀਕੀ ਯੋਜਨਾ ਦੇ ਹਿੱਸੇ ਵਜੋਂ ਗਾਜ਼ਾ ਵਿਚ ਤੁਰਕੀ ਹਥਿਆਰਬੰਦ ਫੌਜਾਂ ਦੀ ਮੌਜੂਦਗੀ ਨੂੰ ਬਿਲਕੁਲ ਸਵੀਕਾਰ ਨਹੀਂ ਕਰੇਗਾ।
ਐਤਵਾਰ ਨੂੰ ਨੇਤਨਯਾਹੂ ਨੇ ਕੈਬਨਿਟ ਮੀਟਿੰਗ ਵਿਚ ਕਿਹਾ ਸੀ ਕਿ ਇਜ਼ਰਾਈਲ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਖੁਦ ਨਿਰਧਾਰਤ ਕਰਦਾ ਹੈ। ਅੰਤਰਰਾਸ਼ਟਰੀ ਫੌਜ ਵਿਚ ਕਿਹੜੀਆਂ ਫੌਜਾਂ ਸਾਡੇ ਲਈ ਅਸਵੀਕਾਰਯੋਗ ਹੋਣਗੀਆਂ, ਇਸ ਦਾ ਫੈਸਲਾ ਅਸੀਂ ਕਰਾਂਗੇ ਅਤੇ ਇਹੀ ਸਾਡੀ ਦ੍ਰਿੜ ਨੀਤੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨੀਤੀ ਨੂੰ ਅਮਰੀਕਾ ਦਾ ਪੂਰਾ ਸਮਰਥਨ ਪ੍ਰਾਪਤ ਹੈ। ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਇਕ ਸੁਤੰਤਰ ਰਾਸ਼ਟਰ ਹੈ ਅਤੇ ਅਮਰੀਕਾ ਸਾਡੀ ਸੁਰੱਖਿਆ ਨੀਤੀ ਨੂੰ ਨਿਰਦੇਸ਼ਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਭਾਈਵਾਲ ਹਨ ਪਰ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਫੈਸਲੇ ਲਵਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
