ਇਜ਼ਰਾਈਲ ਦਾ ਵੱਡਾ ਦਾਅਵਾ ; ਸੁਰੰਗਾਂ ''ਚ ਫਸੇ 40 ਹਮਾਸ ਲੜਾਕਿਆਂ ਨੂੰ ਕੀਤਾ ਢੇਰ
Tuesday, Dec 02, 2025 - 09:45 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੁਰੰਗਾਂ ’ਚ ਫਸੇ 40 ਹਮਾਸ ਲੜਾਕਿਆਂ ਨੂੰ ਮਾਰ ਦਿੱਤਾ ਹੈ। ਇਹ ਲੜਾਕੇ ਗਾਜ਼ਾ ਦੇ ਦੱਖਣੀ ਸ਼ਹਿਰ ਰਾਫਾ ਦੀਆਂ ਸੁਰੰਗਾਂ ’ਚ ਮੌਜੂਦ ਸਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਥਿਆਰਬੰਦ ਲੜਾਕਿਆਂ ਨੂੰ ਖਤਮ ਕਰਨ ਲਈ ਰਾਫਾ ’ਚ ਮੌਜੂਦ ਸੁਰੰਗਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ।
ਪਿਛਲੇ ਹਫ਼ਤੇ ਸੁਰੰਗਾਂ ਦੇ ਅੰਦਰ 40 ਤੋਂ ਵੱਧ ਲੜਾਕੇ ਮਾਰੇ ਗਏ ਹਨ। ਇਜ਼ਰਾਈਲ ਇਸ ਤੋਂ ਪਹਿਲਾਂ ਵੀ ਰਾਫਾ ’ਚ ਕਈ ਲੜਾਕਿਆਂ ਨੂੰ ਮਾਰਨ ਅਤੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕਾ ਹੈ। ਹਾਲਾਂਕਿ ਹਮਾਸ ਨੇ ਇਨ੍ਹਾਂ ਦਾਅਵਿਆਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਰਾਫਾ ਦੀ ਜ਼ਮੀਨ ਹੇਠਾਂ ਪਿਛਲੇ 9 ਮਹੀਨਿਆਂ ਤੋਂ (ਮਾਰਚ ਤੋਂ) ਲੱਗਭਗ 200 ਹਮਾਸ ਲੜਾਕੇ ਫਸੇ ਹੋਏ ਹਨ।
ਹਮਾਸ ਦੀ ਮੰਗ ਦੇ ਬਾਵਜੂਦ ਇਜ਼ਰਾਈਲ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਰਸਤਾ ਦੇਣ ਲਈ ਤਿਆਰ ਨਹੀਂ ਹੈ। ਇਕ ਰਿਪੋਰਟ ਅਨੁਸਾਰ ਰਾਫਾ ’ਚ ਮੌਜੂਦ ਹਮਾਸ ਦੇ ਲੜਾਕੇ, ਜਿਨ੍ਹਾਂ ਨਾਲ ਪਿਛਲੇ 7-8 ਮਹੀਨਿਆਂ ਤੋਂ ਸੰਪਰਕ ਨਹੀਂ ਹੋ ਸਕਿਆ ਹੈ, ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਜੰਗਬੰਦੀ ਲਾਗੂ ਹੋ ਗਈ ਹੈ। ਉਨ੍ਹਾਂ ’ਚੋਂ ਇਕ ਨੇ ਕਿਹਾ ਕਿ ਉਨ੍ਹਾਂ ਲੜਾਕਿਆਂ ਨੂੰ ਉਥੋਂ ਕੱਢਣਾ ਜੰਗਬੰਦੀ ਬਣਾਈ ਰੱਖਣ ਲਈ ਜ਼ਰੂਰੀ ਹੈ।
