ਕੈਨੇਡਾ ''ਚ ਸਿੱਖ ਕਾਰੋਬਾਰੀ ਦੇ ਕਤਲ ਦੀ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪਾਈ ਪੋਸਟ
Thursday, May 15, 2025 - 09:01 PM (IST)

ਵੈੱਬ ਡੈਸਕ : ਕੈਨੇਡਾ ਦੇ ਓਨਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਹੁਣ ਫੇਸਬੁੱਕ ਰਾਹੀਂ ਇਸ ਪੂਰੇ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ। ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਰੋਹਿਤ ਗੋਦਾਰਾ ਬੀਕਾਨੇਰ ਨਾਂ ਦੀ ਫੇਸਬੁੱਕ ਆਈਡੀ ਤੋਂ ਇਸ ਕਤਲ ਦੀ ਜ਼ਿੰਮੇਦਾਰੀ ਲਈ ਗਈ ਹੈ। ਇਸ ਦੌਰਾਨ ਪੋਸਟ ਵਿਚ ਲਿਖਿਆ ਗਿਆ ਕਿ 'ਰਾਮ ਰਾਮ ਜੀ ਸਾਰੇ ਭਾਈਆਂ ਨੂੰ, ਬੁੱਧਵਾਰ ਨੂੰ ਟੋਰਾਂਟੋ ਮਿਸੀਸਾਗਾ ਵਿਚ ਹਰਜੀਤ ਸਿੰਘ ਢੱਡਾ ਦਾ ਕਤਲ ਹੋਇਆ ਹੈ। ਮੈਂ ਰੋਹਿਤ ਤੇ ਗੋਲਡੀ ਬਰਾੜ ਜ਼ਿੰਮੇਵਾਰੀ ਲੈਂਦੇ ਹਾਂ। ਇਹ ਬੰਦਾ ਸਾਡੇ ਦੁਸ਼ਮਨਾਂ ਦਾ ਬਹੁਤ ਕਰੀਬੀ ਸੀ। ਇਸ ਨੇ ਅਰਸ਼ ਡੱਲਾ ਤੇ ਸੁੱਖਾ ਡੁਨੁਕੇ ਨੂੰ ਪੈਸੇ ਦੇ ਕੇ ਆਪਣੇ ਪਰਿਵਾਰ ਵਿਚ ਹੀ ਆਪਣੇ ਭਰਾ ਮਹਿਲ ਸਿੰਘ ਉੱਤਰਾਖੰਡ ਦਾ ਕਤਲ ਕਰਵਾਇਆ ਸੀ। ਉਸ ਕੇਸ ਵਿਚ ਸਾਰਿਆਂ ਦਾ ਨਾਂ ਆਇਆ ਸੀ। ਅਸੀਂ ਇਸ ਨੂੰ ਇਕ ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀ। ਫਿਰ ਵੀ ਇਸ ਨੇ 2 ਮਹੀਨੇ ਪਹਿਲਾਂ ਅਰਸ਼ ਡੱਲਾ ਦੀ ਜ਼ਮਾਨਤ ਕਰਵਾਉਣ ਵਿਚ ਮਦਦ ਕੀਤੀ। ਜੋ ਵੀ ਸਾਡੇ ਦੁਸ਼ਮਨ ਨੂੰ ਸਪੋਰਟ ਕਰੇਗਾ ਉਸ ਦਾ ਇਹੀ ਹਾਲ ਹੋਵੇਗਾ।
ਦੱਸ ਦਈਏ ਕਿ ਹਰਜੀਤ ਦਾ ਮਿਸਿਸਾਗਾ ਵਿਚ ਦੁਪਹਿਰ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਫ਼ਿਰੌਤੀ ਦੀਆਂ ਧਮਕੀਆਂ ਦੀ ਜਾਂਚ ਹੋ ਰਹੀ ਹੈ। ਹਰਜੀਤ ਸਿੰਘ ਢੱਡਾ ਮੂਲ ਰੂਪ ਨਾਲ ਬਾਜ਼ਪੁਰ, ਉੱਤਰਾਖੰਡ ਦੇ ਰਹਿਣ ਵਾਲੇ ਸਨ ਤੇ ਮਿਸਿਸਾਗਾ ਵਿਚ ਟ੍ਰਕਿੰਗ ਸੇਫਟੀ ਤੇ ਕੰਪਲਾਇੰਸ ਨਾਲ ਜੁੜਿਆ ਕਾਰੋਬਾਰ ਚਲਾਉਂਦੇ ਸਨ। ਉਹ ਟ੍ਰਕਿੰਗ ਇੰਡਸਟਰੀ ਵਿਚ ਕਾਫ਼ੀ ਮਸ਼ਹੂਰ ਸਨ।
ਕਰੀਬੀ ਦੋਸਤਾਂ ਤੇ ਸੂਤਰਾਂ ਮੁਤਾਬਕ, ਹਰਜੀਤ ਨੂੰ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਵਾਲੇ ਲੋਕਾਂ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਕਤਲਕਾਂਡ ਵੀ ਉਨ੍ਹਾਂ ਧਮਕੀਆਂ ਨਾਲ ਜੁੜਿਆ ਹੋ ਸਕਦਾ ਹੈ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਤੇ ਉਨ੍ਹਾਂ ਦਾ ਮਕਸਦ ਕੀ ਸੀ।