ਟੋਰਾਂਟੋ ਪੁਲਸ ਹੈਡਕੁਆਰਟਰ ਦੇ ਬਾਹਰ ਕਰੀਮਾ ਬਲੋਚ ਦੇ ਦੋਸਤਾਂ ਨੇ ਦਿੱਤਾ ਧਰਨਾ
Saturday, Dec 26, 2020 - 02:53 PM (IST)
ਟੋਰਾਂਟੋ - ਕਰੀਮਾ ਬਲੋਚ ਦੇ ਦੋਸਤਾਂ ਨੇ ਟੋਰੋਂਟੋ ਪੁਲਸ ਹੈਡਕੁਆਰਟਰ ਦੇ ਬਾਹਰ ਸ਼ੁੱਕਰਵਾਰ ਨੂੰ ਧਰਨਾ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਪੋਸਟਰ ਚੁੱਕੇ ਹੋਏ ਸਨ ਜਿਸ ਵਿੱਚ ਲਿੱਖਿਆ ਹੋਇਆ ਸੀ, 'ਕਰੀਮਾ ਬਲੋਚ ਨੂੰ ਕਿਸ ਨੇ ਮਾਰਿਆ?' 'ਪਾਕਿਸਤਾਨ ੲਜੰਸੀਆਂ ਨੂੰ ਕੈਨੇਡਾ ਤੋਂ ਬਾਹਰ ਕੱਢੋ', 'ਟੋਰੋਂਟੋ ਪੁਲਸ ਮਾਮਲੇ ਦੀ ਹੋਰ ਜਾਂਚ ਕਰੇ', 'ਕਰੀਮਾ ਬਲੋਚ ਨੂੰ ਇੰਸਾਫ਼ ਦਿਓ'।
ਕੋਰੋਨਾ ਤਾਲਾਬੰਦੀ ਅਤੇ ਕ੍ਰਿਸਮਸ ਦਾ ਮੌਕਾ ਹੋਣ ਦੇ ਬਾਵਜੂਦ ਦਰਜ਼ਨਾਂ ਪ੍ਰਦਰਸ਼ਨਕਾਰੀਆਂ ਨੇ ਪੁਲਸ ਹੈਡਕੁਆਟਰ ਦੇ ਬਾਹਰ ਧਰਨਾ ਦਿੱਤਾ। ਪੁਲਸ ਵੱਲੋਂ ਜਾਂਚ ਵਿਚ ਕਹੀ ਇਹ ਗੱਲ ਕਿ ਕੋਈ ਵੀ ਸਾਜ਼ਸ਼ ਨਹੀਂ ਹੋਈ ਹੈ, ਨੂੰ ਕਰੀਮਾ ਦੇ ਦੋਸਤ ਮੰਨਣ ਨੂੰ ਤਿਆਰ ਨਹੀਂ ਹਨ।
ਦੱਸਦਈਏ ਕਿ ਐਤਵਾਰ ਸ਼ਾਮ ਨੂੰ ਕਰੀਮਾ ਬਲੋਚ ਅਚਾਨਕ ਗਾਇਬ ਹੋਣ ਤੋਂ ਬਾਅਦ ਸੋਮਵਾਰ ਸਵੇਰ ਨੂੰ ਉਸ ਦੀ ਲਾਸ਼ ਓਨਟਾਰੀਓ ਝੀਲ ਵਿੱਚੋਂ ਮਿੱਲੀ। ਕੈਨੇਡਾ ਵਿਚ ਹਿੰਦੂ ਫੋਰਮ ਦੇ ਨੇਤਾ, ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਦੀ ਕਮੇਟੀ, ਇੰਡੋ-ਕੈਨੇਡਾ ਕਸ਼ਮੀਰ ਕੋਂਸਿਲ, ਹਿੰਦੂ ਐਡਵੋਕੇਸੀ ਕੋਂਸਿਲ ਅਤੇ ਪ੍ਰੋਗ੍ਰੈਸਿਵ ਮੁਸਲਿਮ ਐਸੋਸਿਏਸ਼ਨਾਂ ਦੀ ਕਮੇਟੀ ਨੇ ਧਰਨੇ ਵਿਚ ਹਿੱਸਾ ਲਿਆ।
ਇਹ ਹੈ ਮਾਮਲਾ
ਹਿੰਦੂ ਫੋਰਮ ਕੈਨੇਡਾ ਨੇ ਆਪਣੇ ਪਰੈਸ ਨੋਟ ਵਿੱਚ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਕਰੀਮਾ ਬਲੋਚ ਨੂੰ ਜਾਣ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਪਿਛਲੇ 20 ਸਾਲਾਂ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਬਲੋਚਿਸਤਾਨ ਵਿਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕਰੀਮਾ ਬਲੋਚ ਜਨਤਕ ਤੌਰ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਅਲੋਚਨਾ ਕਰਦੀ ਸੀ। ਉਹ ਏਜੰਸੀਆ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਖੁੱਲ੍ਹੇ ਤੌਰ ਤੇ ਵਿਰੋਧ ਕਰਦੀ ਸੀ।ਤੁਹਾਨੂੰ ਦੱਸਦਈਏ ਕਿ ਕਰੀਮਾ ਬਲੋਚ ਦਾ ਇੱਕਲੋਤਾ ਅਜਿਹਾ ਮਾਮਲਾ ਨਹੀਂ ਹੈ ਜਿਸ ਦੀ ਰਹੱਸਮਈ ਮੌਤ ਹੋਈ ਹੈ। ਬਲੋਚਿਸਤਾਨ ਵਿਚ ਕਈ ਪੱਤਰਕਾਰ ਅਤੇ ਹੋਰ ਪੇਸ਼ੇ ਨਾਲ ਜੁੜੇ ਲੋਕ ਜੋ ਪਾਕਿਸਤਾਨ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਾਰੇ ਖੁੱਲ੍ਹ ਕੇ ਨਿਖੇਧੀ ਕਰਦੇ ਸੀ, ਦੀ ਵੀ ਰਹੱਸਮਈ ਮੌਤ ਹੋਈ ਹੈ।
ਅਮੇਨਸਟੀ ਇੰਟਰਨੈਸ਼ਨਲ ਨੇ ਕਰੀਮਾ ਬਲੋਚ ਦੀ ਰਹੱਸਮਈ ਮੌਤ ਦੇ ਮਾਮਲੇ ਵਿੱਚ ਡੂੰਘੀ ਜਾਂਚ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਉਹ ਬਹੁਤ ਤਾਕਤਵਰ ਸੀ, ਅਤੇ ਉਸ ਦਾ ਪੱਕਾ ਇਰਾਦਾ, ਪਾਕਿਸਤਾਨ ਦੀ ਫ਼ੌਜ ਦੁਆਰਾ ਕੀਤੇ ਗਏ ਬਲੋਚ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਦੁਨੀਆਂ ਨੂੰ ਸੁਚੇਤ ਕਰਨਾ ਸੀ।ਆਪਣੀ ਜਾਨ ਬਚਾਉਣ ਲਈ ਉਹ ਕੈਨੇਡਾ ਚਲੀ ਗਈ ਸੀ ਪਰ ਉੱਥੇ ਵੀ ਉਸ ਨੂੰ ਜਾਨ ਤੋਂ ਮਾਰੇ ਜਾਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ।ਆਖ਼ਿਰਕਾਰ ਉਸ ਨੂੰ ਰਹੱਸਮਈ ਮੌਤ ਮਿਲੀ।ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਹ ਇੱਕ ਕਤਲ ਹੈ।