ਫਰਿਜ਼ਨੋ ਵਿਖੇ ਸਿੱਖਸ ਫਾਰ ਹਮਿਊਨਿਟੀ ਸੰਸਥਾ ਵੱਲੋਂ ਕੋਵਿਡ-19 ਵੈਕਸੀਨ ਦੇ ਲਗਾਏ ਕੈਂਪ 'ਚ ਲੋਕਾਂ ਨੇ ਲਵਾਏ ਟੀਕੇ

Monday, May 03, 2021 - 10:00 AM (IST)

ਫਰਿਜ਼ਨੋ ਵਿਖੇ ਸਿੱਖਸ ਫਾਰ ਹਮਿਊਨਿਟੀ ਸੰਸਥਾ ਵੱਲੋਂ ਕੋਵਿਡ-19 ਵੈਕਸੀਨ ਦੇ ਲਗਾਏ ਕੈਂਪ 'ਚ ਲੋਕਾਂ ਨੇ ਲਵਾਏ ਟੀਕੇ

ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ) - ਦੁਨੀਆ ਵਿਚ ਜਦੋਂ ਵੀ ਕਦੇ ਸਮਾਜ ਸੇਵਾ ਜਾਂ ਲੋੜਵੰਦਾਂ ਦੀ ਮਦਦ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਸਭ ਤੋਂ ਅੱਗੇ ਹੋ ਕੇ ਸੇਵਾਵਾਂ ਨਿਭਾਉਂਦਾ ਹੈ। ਕਰੋਨਾ ਮਹਾਮਾਰੀ ਦੌਰਾਨ ਦੁਨੀਆ ਭਰ ਵਿਚ ਪੰਜਾਬੀ, ਖ਼ਾਸਕਰ ਸਿੱਖ ਭਾਈਚਾਰੇ ਨੇ ਲੋੜਵੰਦਾਂ ਲਈ ਲੰਗਰ ਆਦਿ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕਰ ਰਹੇ ਹਨ। ਹੁਣ ਕਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਲੋਕਾਂ ਨੂੰ ਫਰੀ ਵੈਕਸੀਨ ਦੇਣ ਲਈ ਕੈਂਪਾਂ ਦੇ ਪ੍ਰਬੰਧ ਵੀ ਇਨ੍ਹਾਂ ਵੱਲੋਂ ਹੀ ਕੀਤੇ ਜਾ ਰਹੇ ਹਨ।

ਇਸੇ ਲੜੀ ਤਹਿਤ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿੱਖੇ ਸਿੱਖਸ ਫਾਰ ਹਮਿਊਨਿਟੀ ਸੰਸਥਾ ਵੱਲੋਂ ਕੋਵਿਡ ਵੈਕਸੀਨ ਕੈਂਪ ਲਗਵਾਇਆ ਗਿਆ। ਸਿੱਖਸ ਫਾਰ ਹਮਿਊਨਿਟੀ ਸੰਸਥਾ ਅਕਸਰ ਲੋੜਵੰਦ ਲੋਕਾਂ ਦੀ ਸੇਵਾ ਲਈ ਕੈਂਪ ਵਗੈਰਾ ਲਾਉਣ ਕਰਕੇ ਚਰਚਾ ਵਿਚ ਰਹਿੰਦੀ ਹੈ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਇਸ ਟੀਕਾਕਰਨ ਵਿਚ ਹਿੱਸਾ ਲਿਆ। ਇਸ ਕੈਂਪ ਵਿਚ ਫਾਈਜ਼ਰ ਦਵਾਈ ਦੀ ਪਹਿਲੀ ਡੋਜ਼ ਦਿੱਤੀ ਗਈ ਅਤੇ 23 ਮਈ ਨੂੰ ਦੂਸਰੀ ਡੋਜ਼ ਦਿੱਤੀ ਜਾਵੇਗੀ।

ਇਸ ਮੌਕੇ ਸਿੱਖਸ ਫਾਰ ਹਮਿਊਨਿਟੀ  ਸੰਸਥਾ ਦੇ ਮੋਢੀ ਮੈਂਬਰ ਪਰਮਿੰਦਰ ਸਿੰਘ ਸ਼ਾਹੀ ਨੇ ਦੱਸਿਆ ਕਿ ਇਸ ਟੀਕਾਕਰਨ ਦੌਰਾਨ ਬਹੁਤ ਸਾਰੇ ਉਹ ਲੋਕ ਸਾਹਮਣੇ ਆਏ ਜਿਹੜੇ ਬਿਨਾਂ ਪੇਪਰਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਜਾਂ ਭਾਸ਼ਾ ਬੋਲਣ ਦੀ ਪਰੇਸ਼ਾਨੀ ਹੈ। ਇਸ ਮੌਕੇ ਰਣਜੀਤ ਗਿੱਲ ਨੇ ਸਿੱਖਸ ਫਾਰ ਹਮਿਊਨਿਟੀ ਦਾ ਕੈਂਪ ਲਾਉਣ ਲਈ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਪੱਤਰਕਾਰ ਨੀਟਾ ਮਾਛੀਕੇ ਨੇ ਸਿੱਖਸ ਫਾਰ ਹਮਿਊਨਿਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਉਨ੍ਹਾਂ ਟੀਮ ਵੱਲੋਂ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ ਲੱਗੇ ਕੈਂਪ ਦੌਰਾਨ ਸਿਹਤ ਕਰਮੀਆਂ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ਵਿਚ ਸਿਹਤ ਮਾਹਰਾਂ ਦੀ ਇਹ ਸਲਾਹ ਸਾਹਮਾਣੇ ਆਈ ਕਿ ਸਾਨੂੰ ਵਹਿਮਾਂ-ਭਰਮਾ ਅਤੇ ਬੇਕਾਰ ਅਫ਼ਵਾਹਾਂ ‘ਚੋਂ ਬਾਹਰ ਨਿਕਲ ਕੇ ਕੋਵਿਡ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ, ਜਿਸ ਨਾਲ ਅਸੀਂ ਆਪਣੀ, ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾ ਸਕੀਏ।

ਅਮਰੀਕਾ ਵਿਚ ਲਾਏ ਜਾ ਰਹੇ ਤਿੰਨੋ ਕਿਸਮ ਦੇ ਟੀਕੇ, ਜਿਨ੍ਹਾਂ ਵਿਚ ਫਾਈਜ਼ਰ, ਮੈਡਰਨਾ ਜਾਂ ਜੌਨਸਨ ਐਂਡ ਜੌਨਸਨ ਸਿਹਤ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹਨ। ਇਹ ਤੁਹਾਡੀ ਸਿਹਤ ਲਈ ਲਾਹੇਵੰਦ ਹਨ, ਕਿਸੇ ਵੀ ਟੀਕੇ ਦੀ ਡੋਜ਼ ਤੁਸੀਂ ਲੈ ਸਕਦੇ ਹੋ। ਪ੍ਰਬੰਧਕਾਂ ਅਨੁਸਾਰ ਭਵਿੱਖ ਵਿਚ ਲੱਗਣ ਵਾਲੇ ਸਿਹਤ ਸੇਵਾ ਕੈਂਪਾਂ ਬਾਰੇ ਸੰਗਤਾਂ ਨੂੰ ਜਲਦ ਦੱਸਿਆ ਜਾਵੇਗਾ।


author

cherry

Content Editor

Related News