ਕੋਰੋਨਾ ਦੇ ਮਾਮਲੇ ਵਧਣ ਕਾਰਨ ਫਰਿਜ਼ਨੋ ''ਚ ਮੁੜ ਲਾਗੂ ਹੋ ਸਕਦੀਆਂ ਨੇ ਸਖ਼ਤ ਪਾਬੰਦੀਆਂ
Monday, Oct 26, 2020 - 09:51 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਣਾ ਜਾਰੀ ਹੈ। ਇਸ ਮਾਰੂ ਬੀਮਾਰੀ ਦੇ ਵੱਧ ਹੋ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਸ ਖੇਤਰ ਵਿਚ ਰੈਸਟੋਰੈਂਟਾਂ, ਕਾਰੋਬਾਰਾਂ ਅਤੇ ਸਕੂਲਾਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਇਸ ਬਾਰ ਦੱਸਿਆ। ਉਨ੍ਹਾਂ ਕਿਹਾ ਕਿ 140 ਤੋਂ ਵੱਧ ਨਵੇਂ ਮਾਮਲੇ ਅਤੇ 6 ਹੋਰ ਮੌਤਾਂ ਦੀ ਰਿਪੋਰਟ ਚਿੰਤਾਜਨਕ ਹੈ।
ਵਾਇਰਸ ਦੇ ਸੰਬੰਧ ਵਿਚ ਫਰਿਜ਼ਨੋ ਕਾਉਂਟੀ ਕੈਲੀਫੋਰਨੀਆ ਦੇ ਚਾਰ-ਪੱਧਰੀ, ਰੰਗ-ਕੋਡ ਵਾਲੇ ਬਲੂਪ੍ਰਿੰਟ ਟੀਅਰ 2 ਵਿਚ ਹੈ। ਇਸ ਵਿਚ ਜ਼ੋਖ਼ਮ ਨੂੰ ਦਰਸਾਉਣ ਲਈ ਲਾਲ ਰੰਗ ਦਾ ਕੋਡ ਦਿੱਤਾ ਗਿਆ ਹੈ ਪਰ ਸਤੰਬਰ ਦੇ ਅਖੀਰ ਵਿਚ ਟੀਅਰ 2 ਵਿਚ ਦਾਖਲ ਹੋਣ ਤੋਂ ਬਾਅਦ ਇੱਥੇ ਹੋਰਾਂ ਖੇਤਰਾਂ ਦੀ ਤਰ੍ਹਾਂ ਜਾਮਨੀ ਟੀਅਰ 1 ਵਿਚ ਵਾਪਸ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਵਿੱਚ ਕਾਰੋਬਾਰ, ਚਰਚ ਅਤੇ ਸਕੂਲਾਂ ਆਦਿ ਦੇ ਖੁੱਲਣ 'ਤੇ ਪਾਬੰਦੀ ਹੈ। ਜਦਕਿ ਟੀਅਰ 2 ਤਹਿਤ, ਰੈਸਟੋਰੈਂਟ 25% ਤੱਕ ਦੀ ਸਮਰੱਥਾ ਤੇ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰ ਸਕਦੇ ਹਨ ,ਚਰਚ 25% ਸਮਰੱਥਾ ਤੇ ਖੁੱਲ੍ਹ ਸਕਦੇ ਹਨ ਅਤੇ ਜਿੰਮ ਵੀ 10% ਤੱਕ ਦੀ ਸਮਰੱਥਾ 'ਤੇ ਖੁੱਲ੍ਹ ਸਕਦੇ ਹਨ। ਜੇਕਰ ਸਿਹਤ ਵਿਭਾਗ ਮੰਗਲਵਾਰ (27 ਅਕਤੂਬਰ) ਨੂੰ ਆਪਣਾ ਅਗਲਾ ਅਪਡੇਟ ਜਾਰੀ ਕਰਦਾ ਹੈ ਅਤੇ ਫਰਿਜ਼ਨੋ ਨੂੰ ਵਾਪਸ ਟੀਅਰ 1 ਵਿੱਚ ਸ਼ਾਮਲ ਕਰਦਾ ਹੈ ਤਾਂ ਸੂਬੇ ਵਿਚ ਸਿਹਤ , ਚਰਚ ਅਤੇ ਜਿੰਮ ਆਦਿ ਅੰਦਰੂਨੀ ਸੇਵਾਵਾਂ ਨਹੀਂ ਦੇ ਸਕਦੇ ਅਤੇ ਰੈਸਟੋਰੈਂਟਾਂ ਨੂੰ ਸੇਵਾ ਸੀਮਤ ਕਰਨੀ ਪਵੇਗੀ।
ਵੋਹਰਾ ਅਨੁਸਾਰ ਜੇ ਫਰਿਜ਼ਨੋ ਵਾਪਸ ਜਾਮਨੀ ਰੰਗ ਵਿਚ ਜਾਂਦਾ ਹੈ ਤਾਂ ਕਾਰੋਬਾਰਾਂ ਵਿਚ ਵੱਡੀ ਰੁਕਾਵਟ ਪਵੇਗੀ। ਟੀਅਰ 2 ਵਿਚ ਬਣੇ ਰਹਿਣ ਲਈ ਇਸ ਖੇਤਰ ਨੂੰ ਇਸ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਫਰਿਜ਼ਨੋ ਵਾਸੀਆਂ ਨੂੰ ਵੀ ਪੂਰੀ ਸਤਰਕਤਾ ਵਰਤਣ ਦੀ ਜ਼ਰੂਰਤ ਹੈ, ਜਿਸ ਨਾਲ ਕਾਰੋਬਾਰਾਂ ਤੇ ਕੋਈ ਸੰਕਟ ਨਾ ਆ ਸਕੇ।