ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ''ਤੇ ਰੱਖਿਆ ਗਿਆ

09/04/2017 12:29:56 PM

ਫਰਿਜ਼ਨੋ/ਕੈਲੇਫੋਰਨੀਆ( ਰਾਜ ਗੋਗਨਾ)— ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਜੈਕਾਰਾ ਮੂਵਮੈਂਟ ਦੇ ਨੌਜਵਾਨ ਆਗੂ ਬੱਚਿਆਂ ਦੀਆਂ ਸਫਲ ਕੋਸ਼ਿਸ਼ਾਂ ਸਦਕਾ ਫਰਿਜ਼ਨੋ ਦੇ “ਵਿਕਟੋਰੀਆ ਪਾਰਕ'' ਦਾ ਨਾਮ ਬਦਲ ਕੇ ਮਨੁੱਖੀ ਅਧਿਕਾਰਾਂ ਲਈ ਹੋਏ ਸਿੱਖ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ “ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ'' ਰੱਖ ਦਿੱਤਾ ਗਿਆ ਹੈ। 
ਸਥਾਨਕ ਪੰਜਾਬੀ ਨੌਜਵਾਨ ਬੱਚੇ ਬੱਚੀਆਂ ਦੀ ਜੈਕਾਰਾ ਨਾਮੀ ਸੰਸਥਾ ਸਾਡੀ ਨਵੀਂ ਪਨੀਰੀ ਨੂੰ ਸਾਡੇ ਵਿਰਸੇ, ਬੋਲੀ, ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਹਮੇਸ਼ਾ ਅਣਥੱਕ ਸੇਵਾਵਾਂ ਨਿਭਾ ਰਹੇ ਹਨ। ਜੈਕਾਰਾ ਬਹੁਤ ਸਮੇਂ ਤੋਂ ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆ ਪਾਰਕ ਦਾ ਨਾਮ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਰਖਵਾਉਣ ਲਈ ਸਿਟੀ ਕੌਂਸਲ ਨਾਲ ਆਪਣੀ ਮੰਗ ਸਾਂਝੀ ਕਰ ਚੁਕਿਆ ਸੀ । ਜਿਸ ਸਬੰਧੀ ਬੀਤੇ ਦਿਨੀਂ ਹੋਈ ਸਿਟੀ ਕੌਂਸਲ ਦੀ ਮੀਟਿੰਗ ਵਿਚ ਸਿਟੀ ਕੌਂਸਲ ਮੈਂਬਰਾਂ ਨੇ ਇਸ ਮਤੇ 'ਤੇ ਵੋਟ ਪਾ ਕੇ ਸਰਬ ਸੰਮਤੀ ਨਾਲ ਇਹ ਰੈਜ਼ੂਲੇਸ਼ਨ ਪਾਸ ਕਰ ਦਿੱਤਾ। ਇਸ ਮੌਕੇ ਸਿਟੀ ਹਾਲ ਅੰਦਰ ਪੰਜਾਬੀ ਵੱਡੀ ਗਿਣਤੀ ਵਿਚ ਹਾਜ਼ਰ ਪੰਜਾਬੀ ਭਾਈਚਾਰੇ ਨੇ ਜੈਕਾਰਿਆਂ ਦੀ ਗੂੰਜ ਵਿਚ ਇਸ ਮਤੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਗੀ ਦਿੱਤੀ। ਇਸ ਮੌਕੇ ਜੈਕਾਰਾ ਮੂਵਮੈਂਟ ਦੇ ਵਲੰਟੀਅਰਾਂ ਨੇ ਕੌਂਸਲ ਅੱਗੇ ਆਪਣੀ ਗੱਲ ਰੱਖੀ। ਇਸ ਪ੍ਰੋਗਰਾਮ ਵਿਚ ਖਾਲੜਾ ਸਹਿਬ ਦੀ ਬੇਟੀ ਨਵਕਿਰਨ ਕੌਰ ਨੇ ਬੇ-ਏਰੀਏ ਤੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਪੰਜਾਬੀ ਭਾਈਚਾਰੇ ਨੇ ਇਸ ਮੌਕੇ ਫਰਿਜ਼ਨੋ ਸਿਟੀ ਮੇਅਰ ਲੀ-ਬਰੈਡ, ਕੌਂਸਲ ਮੈਬਰ ਕਲਿੰਟ ਓਲੀਵਰ, ਇਸਮਾਰਾਲੀਡਾ ਸੋਰਾਇਆ, ਓਲੀਵਰ ਬੇਂਸ, ਗੈਰੀ ਬਰੈਡਫਿਲਡ, ਪਾਲ ਕੈਪਰੀਗੈਲੋ ਦਾ ਇਸ ਇਤਿਹਾਸਕ ਫੈਸਲੇ ਲਈ ਧੰਨਵਾਦ ਕੀਤਾ। ਕੌਂਸਲ ਮੈਂਬਰ ਸਟੀਵ ਬਰੈਂਡਾਊ ਤੇ ਲੂਇਸ ਚਾਵੇਜ਼ ਇਸ ਮੀਟਿੰਗ ਵਿਚੋਂ ਗੈਰਹਾਜ਼ਰ ਰਹੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਪਾਰਕ ਕਲਿੰਟਨ ਅਤੇ ਬਰਾਲੀ ਸਟਰੀਟ ਦੇ ਕੌਰਨਰ 'ਤੇ ਸਥਿਤ ਹੈ। ਇਸ ਪਾਰਕ ਵਿਚ ਪੰਜਾਬੀ ਭਾਈਚਾਰੇ ਅਤੇ ਸਮੁੱਚੇ ਅਮਰੀਕਨ ਭਾਈਚਾਰੇ ਦੀ ਵੱਡੀ ਗਿਣਤੀ ਅਕਸਰ ਇਕੱਤਰ ਹੁੰਦੀ ਰਹਿੰਦੀ ਹੈ। ਜਿੱਥੇ ਬੱਚੇ ਖੇਡਾਂ ਅਤੇ ਬਜ਼ੁਰਗ ਵਿਹਲੇ ਸਮੇਂ ਕਸਰਤ ਅਤੇ ਵਿਚਾਰਾ ਦੀ ਸਾਂਝ ਪਾਉਂਦੇ ਹਨ। ਖਾਸ ਕਰਕੇ ਪੰਜਾਬੀ ਬਜ਼ੁਰਗ ਹਰ ਰੋਜ਼ ਸ਼ਾਮ ਨੂੰ ਇਥੇ ਇਕੱਤਰ ਹੋ ਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਹਨ। ਇਸ ਇਤਿਹਾਸਕ ਐਲਾਨ ਨਾਲ ਪੂਰੇ ਫਰਿਜ਼ਨੋ ਏਰੀਏ ਦੇ ਪੰਜਾਬੀਆਂ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕੀ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਜੈਕਾਰਾ ਮੂਵਮੈਂਟ ਦੇ ਅਣਥੱਕ ਵਲੰਟੀਅਰਾਂ ਦੀ ਹਰ ਪਾਸਿਓ ਤਰੀਫ਼ ਹੋ ਰਹੀ ਹੈ।


Related News