ਜਿਨਪਿੰਗ ਨੂੰ ਮਿਲੇ ਫਰਾਂਸ ਦੇ ਰਾਸ਼ਟਰਪਤੀ, ਮੈਕਰੋਨ ਬੋਲੇ-ਯੁੱਧ ਖ਼ਤਮ ਕਰਾਉਣ ਲਈ ਪੁਤਿਨ ਨੂੰ ਸਮਝਾਓ

04/07/2023 1:31:39 AM

ਬੀਜਿੰਗ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ "ਰੂਸ ਨੂੰ ਸਮਝਾਏ" ਅਤੇ ਯੂਕਰੇਨ ਵਿਚ "ਸਥਾਈ ਸ਼ਾਂਤੀ" ਸਥਾਪਿਤ ਕਰਨ ’ਚ ਮਦਦ ਕਰਨ। ਜਿਨਪਿੰਗ ਨੇ ਪਿਛਲੇ ਮਹੀਨੇ ਰੂਸ ਦੀ ਯਾਤਰਾ ਕੀਤੀ ਸੀ, ਜਿਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸੀ।

ਮੈਕਰੋਨ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਲਈ ਚੀਨੀ ਸਮਰਥਨ ਵੱਲ ਇਸ਼ਾਰਾ ਕੀਤਾ, ਜੋ ਕਿਸੇ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਮਾਣੂ ਸਮਝੌਤਿਆਂ ਲਈ ਸਨਮਾਨ ਦਾ ਸੱਦਾ ਦਿੰਦਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ’ਤੇ ਹਮਲਾ ਕਰਕੇ ਰੂਸ ਨੇ ਇਸ ਚਾਰਟਰ ’ਤੇ ਆਧਾਰਿਤ 'ਸ਼ਾਂਤੀ ਅਤੇ ਸਥਿਰਤਾ' ਲਈ ਖ਼ਤਰਾ ਪੈਦਾ ਕੀਤਾ ਹੈ। ਫਰਵਰੀ 2022 ’ਚ ਰੂਸ ਦੇ ਹਮਲੇ ਤੋਂ ਪਹਿਲਾਂ ਜਿਨਪਿੰਗ ਸਰਕਾਰ ਨੇ ਰੂਸ ਨਾਲ ਦੋਸਤੀ ਨੂੰ 'ਕੋਈ ਹੱਦ ਨਾ ਹੋਣ' ਦਾ ਐਲਾਨ ਕੀਤਾ ਸੀ, ਹਾਲਾਂਕਿ ਉਸ ਨੇ (ਹਮਲੇ ’ਤੇ) ਆਪਣੇ ਆਪ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਬੀਜਿੰਗ ਨੇ ਸ਼ਾਂਤੀ ਵਾਰਤਾ ਦਾ ਸੱਦਾ ਦਿੱਤਾ।

ਮੈਕਰੋਨ ਨੇ ਕਿਹਾ, ‘‘ਮੈਂ ਜਾਣਦਾ ਹਾਂ ਕਿ ਮੈਂ ਇਨ੍ਹਾਂ ਦੋ ਸਿਧਾਂਤਾਂ ਦੇ ਤਹਿਤ ਤੁਹਾਨੂੰ (ਚੀਨ) ਵੀ ਸ਼ਾਮਲ ਕਰ ਸਕਦਾ ਹਾਂ, ਜਿਨ੍ਹਾਂ ਦਾ ਮੈਂ  ਜ਼ਿਕਰ ਕੀਤਾ ਹੈ ਤਾਂ ਕਿ ਰੂਸ ਨੂੰ ਸਮਝਾਇਆ ਜਾ ਸਕੇ ਅਤੇ ਸਾਰਿਆਂ ਨੂੰ ਵਾਪਸ ਗੱਲਬਾਤ ਦੀ ਮੇਜ਼ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ, "ਸਾਨੂੰ ਸਥਾਈ ਸ਼ਾਂਤੀ ਲੱਭਣ ਦੀ ਜ਼ਰੂਰਤ ਹੈ। ਮੇਰਾ ਮੰਨਣਾ ਹੈ ਕਿ ਇਹ ਚੀਨ ਲਈ ਵੀ ਓਨਾ ਹੀ ਮਹੱਤਵਪੂਰਨ ਮੁੱਦਾ ਹੈ, ਜਿੰਨਾ ਕਿ ਫਰਾਂਸ ਅਤੇ ਯੂਰਪ ਲਈ ਹੈ।’’ ਉਥੇ ਹੀ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਓ ਨਿੰਗ ਨੇ ਕਿਹਾ, ‘‘ਯੂਕਰੇਨ ਸੰਕਟ ਦੇ ਮੁੱਦੇ ’ਤੇ ਚੀਨ ਨੇ ਹਮੇਸ਼ਾ ਇਕ ਨਿਰਪੱਖ ਰੁਖ਼ ਦੀ ਪਾਲਣਾ ਕੀਤੀ ਹੈ। ਸਾਨੂੰ ਸੰਕਟ ਦੇ ਸਿਆਸੀ ਹੱਲ ਅਤੇ ਸ਼ਾਂਤੀਵਾਰਤਾ ਦੇ ਪੱਖ ’ਚ ਰਹੇ ਹਾਂ।’’


Manoj

Content Editor

Related News