ਘੱਲੂਘਾਰਾ ਦੀ 40ਵੀਂ ਯਾਦ ''ਚ ਲੰਡਨ ''ਚ ਫਰੀਡਮ ਰੈਲੀ 16 ਜੂਨ ਨੂੰ ਕੱਢਣ ਦਾ ਐਲਾਨ
Tuesday, Feb 20, 2024 - 04:57 PM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਘੱਲੂਘਾਰਾ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ 40ਵੀਂ ਯਾਦ ਵਿੱਚ ਫਰੀਡਮ ਰੈਲੀ 16 ਜੂਨ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੀ ਵਿਸ਼ੇਸ਼ ਇੱਕਤਰਤਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਵਿੱਚ ਕੋਆਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਕੋਆਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਜਗਵਿੰਦਰ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੁੱਖੀ ਭਾਈ ਤਰਸੇਮ ਸਿੰਘ ਦਿਓਲ, ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ, ਭਾਈ ਸਤਵਿੰਦਰ ਸਿੰਘ ਜਾਗੋਵਾਲਾ, ਸ਼੍ਰੌਮਣੀ ਅਕਾਲੀ ਦਲ ਦੇ ਮੁਖੀ ਭਾਈ ਗੁਰਦੇਵ ਸਿੰਘ ਚੋਹਾਨ, ਭਾਈ ਕੁਲਦੀਪ ਸਿੰਘ ਨਿਹੰਗ, ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਭਾਈ ਰਜਿੰਦਰ ਸਿੰਘ ਚਿੱਟੀ ਅਤੇ ਭਾਈ ਜਸ ਸਿੰਘ ਡਰਬੀ ਵਲੋਂ ਸ਼ਮੂਲੀਅਤ ਕੀਤੀ ਗਈ।
ਇਹ ਵੀ ਪੜ੍ਹੋ: ਹੈਰਾਨੀਜਨਕ: ਦੰਦਾਂ ਦੀ ਸਰਜਰੀ ਕਰਾਉਣ ਗਏ ਮੁੰਡੇ ਦੀ ਮੌਤ, ਅਗਲੇ ਮਹੀਨੇ ਚੜ੍ਹਨਾ ਸੀ ਘੋੜੀ
ਸਮੂਹ ਆਗੂਆਂ ਨੇ ਕਿਹਾ ਕਿ ਜੂਨ 1984 ਦੌਰਾਨ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਸਿੱਖ ਕੌਮ ਵਾਸਤੇ ਅਭੁੱਲ ਹੈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਘੱਲੂਘਾਰਾ ਦੀ 40ਵੀਂ ਸਾਲਾਨਾ ਯਾਦ ਤਹਿਤ ਵੱਡੇ ਪੱਧਰ 'ਤੇ ਪ੍ਰੋਗਰਾਮ ਕੀਤੇ ਜਾਣਗੇ। ਲੰਡਨ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਅਤੇ ਫਰੀਡਮ ਰੈਲੀ 16 ਜੂਨ ਐਤਵਾਰ ਨੂੰ ਹੋਵੇਗੀ ਅਤੇ 6 ਜੂਨ ਵੀਰਵਾਰ ਵਾਲੇ ਦਿਨ ਭਾਰਤੀ ਅੰਬੈਸੀ ਲੰਡਨ, ਭਾਰਤੀ ਕੌਂਸਲੇਟ ਜਨਰਲ ਗਲਾਸਗੋ ਅਤੇ ਭਾਰਤੀ ਕੌਂਸਲੇਟ ਜਨਰਲ ਬ੍ਰਮਿੰਘਮ ਸਾਹਮਣੇ ਰੋਸ ਮੁਜਾਹਰੇ ਕੀਤੇ ਜਾਣਗੇ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖ ਸੰਗਤਾਂ ਨੂੰ ਘੱਲੂਘਾਰੇ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਆਪਣੇ ਹੀ ਦੇਸ਼ ਵਿੱਚ ਮੁਗਲਾਂ ਅਤੇ ਹਿਟਲਰ ਸ਼ਾਹੀ ਜ਼ੁਲਮਾਂ ਨੂੰ ਮਾਤ ਪਾਉਂਦਿਆਂ ਨਿਰਦੋਸ਼ ਸਿੱਖ ਬਜੁਰਗਾਂ, ਸਿੱਖ ਬੀਬੀਆਂ ਅਤੇ ਦੁੱਧ ਚੁੰਘਦੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ ਅਤੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਰਾਜਸੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰਦਿਆਂ ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪਾਂ ਸਮੇਤ ਸਿੱਖ ਇਤਿਹਾਸ, ਗੁਰੂ ਇਤਿਹਾਸ ਦੇ ਸਰੋਤ, ਗੁਰੂ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ ਅਗਨ ਭੇਂਟ ਕਰ ਦਿੱਤੇ ਗਏ ਸਨ। ਮੀਟਿੰਗ ਵਿੱਚ ਆਗੂਆਂ ਨੇ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕਰਦਿਆਂ ਕਿਸਾਨ ਅੰਦੋਲਨ ਵਿੱਚ ਅਕਾਲ ਚਲਾਣਾ ਕਰ ਗਏ ਸ. ਗਿਆਨ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।