ਇਟਲੀ 'ਚ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਨਾਲ ਵੰਡੇ ਗਏ ਫ੍ਰੀ ਕੈਦੇ
Thursday, May 05, 2022 - 02:24 PM (IST)
ਮਿਲਾਨ/ਇਟਲੀ (ਸਾਬੀ ਚੀਨੀਆ/ਕੈਂਥ): ਵਿਦੇਸ਼ੀ ਧਰਤੀ 'ਤੇ ਰਹਿੰਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਸਮੇਂ ਸਮੇਂ 'ਤੇ ਯੋਗ ਉਪਰਾਲੇ ਹੁੰਦੇ ਰਹੇ ਹਨ। ਇਸੇ ਹੀ ਲੜੀ ਤਹਿਤ ਪੰਜਾਬੀ ਲੋਕਧਾਰਾ ਸੰਸਥਾ ਵਲੋਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਨਿਵੇਕਲੀ ਪਹਿਲ ਕਦਮੀਂ ਕਰਦੇ ਹੋਏ ਪੰਜਾਬੀ ਵਿੱਚ ਪ੍ਰਕਾਸ਼ਤ ਫ੍ਰੀ ਲਿਟਰੇਚਰ ਵੰਡਿਆ ਜਾ ਰਿਹਾ ਹੈ। ਪੰਜਾਬੀ ਲੋਕਧਾਰਾ ਸੰਸਥਾ ਦੇ ਸੇਵਾਦਾਰ ਸ. ਸੁਖਚੈਨ ਸਿੰਘ ਮਾਨ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਹੋ ਰਹੇ ਨਗਰ ਕੀਰਤਨ ਤੇ ਹੋਰਨਾਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਪੰਜਾਬੀ ਪੜ੍ਹਨ ਵਾਲੇ ਪੰਜਾਬੀ ਦੇ ਕੈਦੇ ਵੰਡ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਹਵਾਈ ਹਾਦਸੇ 'ਚ ਪੰਜਾਬੀ ਨੌਜਵਾਨ ਦੇ ਕਾਤਲ ਅਤੇ ਭਾਰਤੀ ਪਾਇਲਟ ਸਮੇਤ 4 ਲੋਕਾਂ ਦੀ ਮੌਤ
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨ ਲਈ ਬੱਚਿਆਂ ਲਈ ਪੰਜਾਬੀ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਕਾਇਦਿਆਂ ਜ਼ਰੀਏ ਪੰਜਾਬੀ ਪੜ੍ਹਾਈ ਜਾਵੇ ਅਤੇ ਇਸ ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਆਪਣੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣਗੇ। ਇਸ ਮੌਕੇ ਮੌਜੂਦਾ ਹੋਰ ਸ਼ਖ਼ਸੀਅਤਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਬੱਚੇ ਜਿਸ ਵੀ ਮੁਲਕ ਵਿੱਚ ਰਹਿੰਦੇ ਨੇ ਉਸਦੀ ਭਾਸ਼ਾ ਸਕੂਲਾਂ ਵਿਚ ਹੀ ਸਿੱਖ ਜਾਣਗੇ ਪਰ ਸਾਨੂੰ ਪੰਜਾਬੀ ਨਾਲ ਜੋੜਨ ਲਈ ਵੀ ਯੋਗ ਉਪਰਾਲੇ ਲਾਜ਼ਮੀ ਕਰਨੇ ਪੈਣਗੇ।