ਫਰਾਂਸ ਦੇ ਮਿਊਜ਼ੀਅਮ ਚ ਲੁਕਿਆ ਇਕ ਸ਼ਖਸ, ਲਿਖੇ ਧਮਕੀ ਭਰੇ ਸੰਦੇਸ਼

Wednesday, Oct 23, 2019 - 02:43 PM (IST)

ਫਰਾਂਸ ਦੇ ਮਿਊਜ਼ੀਅਮ ਚ ਲੁਕਿਆ ਇਕ ਸ਼ਖਸ, ਲਿਖੇ ਧਮਕੀ ਭਰੇ ਸੰਦੇਸ਼

ਪੈਰਿਸ (ਬਿਊਰੋ)— ਦੱਖਣੀ ਫਰਾਂਸ ਦੇ ਸੈਂਟ ਰਾਫੇਲ ਵਿਚ ਸਥਿਤ ਇਕ ਮਿਊਜ਼ੀਅਮ ਵਿਚ ਇਕ ਅਣਜਾਣ ਸ਼ਖਸ ਲੁਕਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਊਜ਼ੀਅਮ ਦੀ ਕੰਧ 'ਤੇ ਅਰਬੀ ਭਾਸ਼ਾ ਵਿਚ ਧਮਕੀ ਭਰੇ ਸੰਦੇਸ਼ ਲਿਖੇ ਗਏ ਹਨ। ਇਸ ਗੱਲ ਦੀ ਜਾਣਕਾਰੀ ਪੁਲਸ ਨਾਲ ਜੁੜੇ ਇਕ ਸੂਤਰ ਨੇ ਦਿੱਤੀ। ਪੁਲਸ ਦੇ ਇਕ ਸੂਤਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਸੈਂਟ-ਰਾਫੇਲ ਸ਼ਹਿਰ ਵਿਚ ਸਥਿਤ ਇਸ ਮਿਊਜ਼ੀਅਮ ਨੂੰ ਘੇਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵਿਅਕਤੀ ਰਾਤ ਵੇਲੇ ਮਿਊਜ਼ੀਅਮ ਵਿਚ ਦਾਖਲ ਹੋਇਆ ਸੀ। ਸੰਭਾਵਨਾ ਹੈ ਕਿ ਉਸ ਦੇ ਨਾਲ ਇਕ ਹੋਰ ਵਿਅਕਤੀ ਵੀ ਹੈ। 

 

ਅੰਦਰ ਲੁਕੇ ਹੋਏ ਵਿਅਕਤੀ ਨੇ ਪੁਲਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਰਬੀ ਭਾਸ਼ਾ ਵਿਚ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫ੍ਰਾਂਸੀਸੀ ਮੀਡੀਆ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਸ਼ਖਸ ਹਥਿਆਰਬੰਦ ਹੈ ਜਾਂ ਉਸ ਨੇ ਕਿਸੇ ਨੂੰ ਬੰਧਕ ਬਣਾਇਆ ਹੋਇਆ ਹੈ। ਦੋਸ਼ੀ ਸ਼ਖਸ ਨੇ ਪੁਲਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਮਿਊਜ਼ੀਅਮ ਦੀ ਕੰਧ 'ਤੇ ਇਕ ਸੰਦੇਸ਼ ਲਿਖਿਆ ਹੈ,''ਇਹ ਮਿਊਜ਼ੀਅਮ ਨਰਕ ਬਣਨ ਜਾ ਰਿਹਾ ਹੈ।'' 

ਪੁਲਸ ਨੇ ਟਵਿੱਟਰ 'ਤੇ ਲੋਕਾਂ ਨੂੰ ਕਾਨ ਅਤੇ ਸੈਂਟ-ਟ੍ਰੋਪੇਜ ਸ਼ਹਿਰਾਂ ਵਿਚ ਸਥਿਤ ਇਸ ਸਥਾਨ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਮਿਊਜ਼ੀਅਮ ਦੇ ਸਾਹਮਣੇ ਸਥਿਤ ਡਿਊਪਲੈਕਸ ਰੈਸਟੋਰੈਂਟ ਦੇ ਕਰਮਚਾਰੀ ਸਬੈਸਟੀਅਨ ਨੇ ਇਕ ਸਥਾਨਕ ਅਖਬਾਰ ਨੂੰ ਦੱਸਿਆ,''ਪੂਰਾ ਖੇਤਰ ਬੰਦ ਹੈ। ਸਾਨੂੰ ਰੈਸਟੋਰੈਂਟ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।'' ਇਸ ਮਿਊਜ਼ੀਅਮ ਵਿਚ ਇਕ ਇਤਿਹਾਸਿਕ ਸਮਾਰਕ ਅਤੇ ਰੋਮਨ ਇਤਿਹਾਸ ਨਾਲ ਜੁੜੀ ਕਈ ਕੀਮਤੀ ਵਸਤਾਂ ਦਾ ਸੰਗ੍ਰਹਿ ਹੈ।


author

Vandana

Content Editor

Related News