ਫਰਾਂਸ ਵੀ ਅਮਰੀਕਾ ਵਾਂਗ ਯੂਕ੍ਰੇਨ ਦੇ ਖਣਿਜਾਂ ਦਾ ਇੱਛੁਕ
Friday, Feb 28, 2025 - 11:47 AM (IST)

ਪੈਰਿਸ (ਏਜੰਸੀ)- ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕਾਰਨੂ ਨੇ ਵੀਰਵਾਰ ਨੂੰ ਕਿਹਾ ਕਿ ਫਰਾਂਸ ਯੂਕ੍ਰੇਨ ਦੇ ਮਹੱਤਵਪੂਰਨ ਖਣਿਜ ਭੰਡਾਰਾਂ ਤੱਕ ਪਹੁੰਚਣਾ ਚਾਹੁੰਦਾ ਹੈ, ਜਿਸ ਲਈ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਇਸ ਮਾਮਲੇ ’ਚ ਅਮਰੀਕਾ ਹੀ ਇਕੱਲਾ ਦੇਸ਼ ਨਹੀਂ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਅਮਰੀਕਾ ਨਾਲ ਖਣਿਜਾਂ ਸਬੰਧੀ ਸਮਝੌਤੇ ’ਤੇ ਦਸਤਖਤ ਕਰਨ ਦੀ ਉਮੀਦ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।
ਫਰਾਂਸ ਦੇ ਰੱਖਿਆ ਮੰਤਰੀ ਲੇਕਾਰਨੂ ਨੇ ਦੱਸਿਆ ਕਿ ਫਰਾਂਸ ਵੀ ਯੂਕ੍ਰੇਨ ਨਾਲ ਗੱਲਬਾਤ ਕਰ ਰਿਹਾ ਹੈ-ਜਿਸਦਾ ਉਦੇਸ਼ ਅਮਰੀਕਾ ਵਾਂਗ ਮਹੱਤਵਪੂਰਨ ਖਣਿਜਾਂ ਦੀ ਸਪਲਾਈ ’ਚ ਵਿਭਿੰਨਤਾ ਲਿਆਉਣਾ ਹੈ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਫਰਾਂਸ ਕਿਹੜੇ ਖਣਿਜ ਚਾਹੁੰਦਾ ਹੈ। ਲੇਕਾਰਨੂ ਨੇ ਕਿਹਾ ਕਿ ਅਸੀਂ ਫਰਾਂਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਸ ਮੁੱਦੇ ’ਤੇ ਗੱਲ ਕਰ ਰਹੇ ਹਾਂ। ਮੇਰੇ ਕੋਲ ਰੱਖਿਆ ਉਦਯੋਗ ਹੈ, ਜਿਸ ਨੂੰ ਆਉਣ ਵਾਲੇ ਸਾਲਾਂ ’ਚ ਕੁਝ ਨਿਸ਼ਚਿਤ ਮਾਤਰਾ ’ਚ ਕੱਚੇ ਮਾਲ ਤੱਕ ਪਹੁੰਚ ਦੀ ਲੋੜ ਹੋਵੇਗੀ।