Petrol-Diesel ਦੇ ਵਧਣਗੇ ਰੇਟ! ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਕੀਮਤ ਚੁਕਾਏਗਾ ਆਮ ਆਦਮੀ

Monday, Feb 09, 2026 - 08:54 PM (IST)

Petrol-Diesel ਦੇ ਵਧਣਗੇ ਰੇਟ! ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਕੀਮਤ ਚੁਕਾਏਗਾ ਆਮ ਆਦਮੀ

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਟ੍ਰੇਡ ਡੀਲ (Trade Deal) ਨੂੰ ਲੈ ਕੇ ਗੱਲਬਾਤ ਤੇਜ਼ ਹੋ ਗਈ ਹੈ, ਪਰ ਇਸ ਦੇ ਸਾਈਡ-ਇਫੈਕਟਸ ਆਮ ਲੋਕਾਂ ਦੀ ਜੇਬ੍ਹ 'ਤੇ ਭਾਰੀ ਪੈ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ‘ਅਮਰੀਕਾ ਫਸਟ’ (America First) ਨੀਤੀ ਤਹਿਤ ਭਾਰਤ ਨੂੰ ਇੱਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਦੀ ਖਰੀਦ ਘਟਾਏ ਜਾਂ ਬੰਦ ਕਰੇ ਅਤੇ ਇਸ ਦੇ ਬਦਲੇ ਅਮਰੀਕਾ ਤੇ ਵੇਨੇਜ਼ੁਏਲਾ ਤੋਂ ਆਯਾਤ ਵਧਾਏ। ਅਮਰੀਕਾ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸ਼ਰਤ ਨਾ ਮੰਨੀ ਗਈ ਤਾਂ ਭਾਰਤ 'ਤੇ ਮੁੜ 25 ਫੀਸਦੀ ਟੈਰਿਫ ਲਗਾਇਆ ਜਾ ਸਕਦਾ ਹੈ।

ਰੂਸ 'ਤੇ ਨਿਰਭਰਤਾ ਘਟਾਉਣਾ ਕਿੰਨਾ ਸਹੀ?
ਭਾਰਤ ਆਪਣੀ ਲੋੜ ਦਾ ਲਗਭਗ 85 ਫੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਵਿੱਚੋਂ ਲਗਭਗ ਇੱਕ ਤਿਹਾਈ ਹਿੱਸਾ ਰੂਸ ਤੋਂ ਆਉਂਦਾ ਰਿਹਾ ਹੈ। ਹਾਲਾਂਕਿ ਹੁਣ ਹਾਲਾਤ ਬਦਲ ਰਹੇ ਹਨ ਅਤੇ ਰੂਸ ਤੋਂ ਤੇਲ ਦੀ ਕਟੌਤੀ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ, ਰਿਲਾਇੰਸ ਇੰਡਸਟਰੀਜ਼ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਕੇ ਵੇਨੇਜ਼ੁਏਲਾ ਤੋਂ ਵੱਡੀ ਖੇਪ ਦਾ ਆਰਡਰ ਦੇ ਦਿੱਤਾ ਹੈ, ਜਦਕਿ ਇੰਡੀਅਨ ਆਇਲ ਅਤੇ HPCL ਵਰਗੀਆਂ ਸਰਕਾਰੀ ਰਿਫਾਇਨਰੀਆਂ ਵੀ ਵੇਨੇਜ਼ੁਏਲਾ ਤੋਂ ਸਪਲਾਈ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ।

ਤੇਲ ਦੀ 'ਕੁਆਲਿਟੀ' ਬਣੀ ਵੱਡੀ ਰੁਕਾਵਟ
ਇਹ ਮਾਮਲਾ ਸਿਰਫ਼ ਕੂਟਨੀਤੀ ਦਾ ਨਹੀਂ, ਸਗੋਂ ਤਕਨੀਕੀ ਵੀ ਹੈ। ਅਮਰੀਕੀ 'ਸ਼ੇਲ ਆਇਲ' ਹਲਕਾ ਹੁੰਦਾ ਹੈ, ਜਦਕਿ ਰੂਸ ਦਾ 'ਯੂਰਾਲ ਕਰੂਡ' ਭਾਰੀ ਅਤੇ ਜ਼ਿਆਦਾ ਸਲਫਰ ਵਾਲਾ ਹੁੰਦਾ ਹੈ। ਭਾਰਤ ਦੀਆਂ ਕਈ ਰਿਫਾਇਨਰੀਆਂ ਖ਼ਾਸ ਤੌਰ 'ਤੇ ਭਾਰੀ ਰੂਸੀ ਤੇਲ ਨੂੰ ਪ੍ਰੋਸੈਸ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ। ਅਮਰੀਕੀ ਤੇਲ ਨੂੰ ਸਿੱਧਾ ਵਰਤਣਾ ਮੁਸ਼ਕਿਲ ਹੈ ਅਤੇ ਇਸ ਦੀ ਬਲੈਂਡਿੰਗ (Blending) ਕਰਨਾ ਕਾਫ਼ੀ ਖ਼ਰਚੀਲਾ ਅਤੇ ਸਮਾਂ ਲੈਣ ਵਾਲਾ ਕੰਮ ਹੈ।

ਆਮ ਆਦਮੀ ਦੀ ਜੇਬ੍ਹ 'ਤੇ ਪਵੇਗਾ ਅਸਰ
ਰੂਸ ਲੰਬੇ ਸਮੇਂ ਤੋਂ ਭਾਰਤ ਨੂੰ ਕੱਚੇ ਤੇਲ 'ਤੇ ਮੋਟੀ ਛੋਟ ਦਿੰਦਾ ਆ ਰਿਹਾ ਹੈ, ਜੋ ਹੁਣ 11 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਚੁੱਕੀ ਹੈ। ਇਸ ਦੇ ਉਲਟ, ਅਮਰੀਕੀ ਕੱਚਾ ਤੇਲ ਕਾਫ਼ੀ ਮਹਿੰਗਾ ਪੈਂਦਾ ਹੈ। ਅਨੁਮਾਨ ਹੈ ਕਿ ਜੇਕਰ ਭਾਰਤ ਰੂਸੀ ਤੇਲ ਛੱਡ ਕੇ ਅਮਰੀਕੀ ਤੇਲ ਅਪਣਾਉਂਦਾ ਹੈ, ਤਾਂ ਰਿਫਾਇਨਰੀਆਂ ਨੂੰ ਪ੍ਰਤੀ ਬੈਰਲ ਘੱਟੋ-ਘੱਟ 7 ਡਾਲਰ ਜ਼ਿਆਦਾ ਚੁਕਾਉਣੇ ਪੈਣਗੇ। ਇਸ ਤੋਂ ਇਲਾਵਾ, ਅਮਰੀਕਾ ਤੋਂ ਭਾਰਤ ਦੀ ਦੂਰੀ ਜ਼ਿਆਦਾ ਹੋਣ ਕਾਰਨ ਸ਼ਿਪਿੰਗ ਅਤੇ ਟ੍ਰਾਂਸਪੋਰਟ ਦਾ ਖਰਚਾ ਵੀ ਵਧੇਗਾ।

ਜਦੋਂ ਰਿਫਾਇਨਰੀਆਂ ਦੀ ਲਾਗਤ ਵਧੇਗੀ, ਤਾਂ ਉਸ ਦਾ ਸਿੱਧਾ ਬੋਝ ਉਪਭੋਗਤਾਵਾਂ 'ਤੇ ਆਵੇਗਾ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਪੂਰੀ ਆਸ਼ੰਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਤੋਂ ਤੇਲ ਖਰੀਦ ਅਚਾਨਕ ਰੋਕਣਾ ਭਾਰਤ ਲਈ ਸਿਰਫ਼ ਆਰਥਿਕ ਜੋਖਮ ਹੀ ਨਹੀਂ, ਸਗੋਂ ਇੱਕ ਵੱਡੀ ਰਣਨੀਤਕ ਅਤੇ ਰਾਜਨੀਤਕ ਚੁਣੌਤੀ ਵੀ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News