ਆਸਟ੍ਰੇਲੀਆ, ਬ੍ਰਿਟੇਨ ਨਾਲ AUKUS ਗਠਜੋੜ ਨੂੰ ਲੈ ਕੇ ਫਰਾਂਸ, EU ਬਾਈਡੇਨ ਤੋਂ ਹੋਏ ਨਾਰਾਜ਼

09/17/2021 3:57:20 PM

ਵਾਸ਼ਿੰਗਟਨ (ਭਾਸ਼ਾ): ਚੀਨ ਦਾ ਮੁਕਾਬਲਾ ਕਰਨ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਨਾਲ ਰਣਨੀਤਕ ਹਿੰਦ-ਪ੍ਰਸ਼ਾਂਤ ਗਠਜੋੜ ਬਣਾਉਣ ਦੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਫ਼ੈਸਲੇ ਨੇ ਫਰਾਂਸ ਅਤੇ ਯੂਰਪੀ ਸੰਘ (ਈਯੂ) ਨੂੰ ਨਾਰਾਜ਼ ਕਰ ਦਿੱਤਾ ਹੈ। ਫਰਾਂਸ ਅਤੇ ਈਯੂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਉਹ ਇਸ ਫ਼ੈਸਲੇ ਦੀ ਤੁਲਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨਕਾਲ ਦੇ ਕਦਮਾਂ ਨਾਲ ਕਰ ਰਹੇ ਹਨ।

ਬਾਈਡੇਨ ਨੇ ਯੂਰਪੀ ਨੇਤਾਵਾਂ ਨੂੰ ਭਰੋਸਾ ਦਿਵਾਇਆ ਸੀ ਕਿ ਅਮਰੀਕਾ ਵਾਪਸ ਆ ਗਿਆ ਹੈ ਅਤੇ ਬਹੁਪੱਖੀ ਕੂਟਨੀਤੀ ਅਮਰੀਕਾ ਦੀ ਵਿਦੇਸ਼ ਨੀਤੀ ਦਾ ਮਾਰਗ ਦਰਸ਼ਨ ਕਰੇਗੀ ਪਰ ਕਈ ਅਹਿਮ ਮਾਮਲਿਆਂ 'ਤੇ ਇਕੱਲੇ ਵਧਣ ਦੇ ਦ੍ਰਿਸ਼ਟੀਕੋਣ ਜ਼ਰੀਏ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਈ ਸਹਿਯੋਗੀਆਂ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਨੇ ਇਸ ਹਾਲ ਹੀ ਦੇ ਕਦਮ ਨੂੰ 'ਸਮਝ ਤੋਂ ਪਰੇ' ਦੱਸਿਆ ਅਤੇ ਇਸ ਨੂੰ 'ਪਿੱਠ ਵਿਚ ਛੁਰਾ ਮਾਰਨਾ' ਕਰਾਰ ਦਿੱਤਾ। ਯੂਰਪੀ ਸੰਘ ਦੇ ਵਿਦੇਸ਼ ਨੀਤੀ ਪ੍ਰਮੁੱਖ ਨੇ ਸ਼ਿਕਾਇਤ ਕੀਤੀ ਕਿ ਯੂਰਪ ਤੋਂ ਸਲਾਹ ਨਹੀਂ ਲਈ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਉਪ ਸਮਝੌਤੇ ਦੀ ਚੀਨੀ ਆਲੋਚਨਾ ਨੂੰ ਕੀਤਾ ਰੱਦ 

ਕੁਝ ਮਾਹਰਾਂ ਨੇ ਬਾਈਡੇਨ ਦੇ ਹਾਲ ਹੀ ਦੇ ਕਦਮਾਂ ਦੀ ਤੁਲਨਾ ਡੋਨਾਲਡ ਟਰੰਪ ਵੱਲੋਂ 'ਪਹਿਲਾਂ ਅਮਰੀਕਾ' ਸਿਧਾਂਤ ਦੇ ਤਹਿਤ ਚੁੱਕੇ ਗਏ ਕਦਮਾਂ ਨਾਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਸ ਰਾਸ਼ਟਰਪਤੀ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਹੈਰਾਨੀਜਨਕ ਹਨ ਜਿਸ ਨੇ ਸਹਿਯੋਗੀਆਂ ਨਾਲ ਸੰਬੰਧ ਸੁਧਾਰਨ ਅਤੇ ਗਲੋਬਲ ਮੰਚ 'ਤੇ ਅਮਰੀਕਾ ਦੀ ਭਰੋਸੇਯੋਗਤਾ ਬਹਾਲ ਕਰਨ ਦੇ ਸੰਕਲਪ ਨਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਲੜੀ ਸੀ। ਬਾਈਡੇਨ ਨੇ ਕੁਝ ਸਮਾਂ ਪਹਿਲਾਂ ਹੀ ਯੂਰਪ ਦੀ ਯਾਤਰਾ ਕੀਤੀ ਸੀ ਅਤੇ ਉਸ ਵੇਲੇ ਯੂਰਪੀ ਹਮਰੁਤਬਾ ਉਹਨਾਂ ਨੂੰ ਅਜਿਹਾ ਨਾਇਕ ਦੱਸ ਰਹੇ ਸਨ ਜੋ ਟਰੰਪ ਦੇ ਸ਼ਾਸਨਕਾਲ ਦੇ ਪਰਾ-ਅਟਲਾਂਟਿਕ ਤਣਾਅ ਨੂੰ ਪਿੱਛੇ ਛੱਡਣ ਦੇ ਚਾਹਵਾਨ ਹਨ ਪਰ ਰਾਹਤ ਦੀ ਉਹ ਸੁਖਦ ਅਹਿਸਾਸ ਕਈ ਲੋਕਾਂ ਲਈ ਹੁਣ ਫਿੱਕਾ ਪੈ ਗਿਆ ਹੈ। 

ਬਾਈਡੇਨ ਨੇ ਅਮਰੀਕਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਫਰਾਂਸ ਨੂੰ ਨਾਰਾਜ਼ ਕੀਤਾ ਹੈ। ਪੋਲੈਂਡ ਅਤੇ ਯੂਕਰੇਨ ਆਪਣੀ ਸੁਰੱਖਿਆ ਨੂੰ ਲੈਕੇ ਅਮਰੀਕਾ ਦੀ ਵਚਨਬੱਧਤਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਅਤੇ ਅਫਗਾਨਿਸਤਾਨ ਤੋਂ ਲੈਕੇ ਪੂਰਬੀ ਏਸ਼ੀਆ ਤੱਕ ਕਈ ਇਕਪਾਸੜ ਫ਼ੈਸਲਿਆਂ ਨੇ ਯੂਰਪੀ ਸੰਘ ਨੂੰ ਨਾਰਾਜ਼ ਕੀਤਾ ਹੈ। ਜਦੋਂ ਬਾਈਡੇਨ ਨੇ ਈਰਾਨ ਨਾਲ ਪਰਮਾਣੂ ਵਾਰਤਾ ਵਿਚ ਮੁੜ ਸ਼ਾਮਲ ਹੋਣ ਅਤੇ ਇਜ਼ਰਾਈਲ-ਫਿਲਸਤੀਨੀ ਸ਼ਾਂਤੀ ਵਾਰਤਾ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ ਸੀ ਤਾਂ ਯੂਰਪ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਸੀ ਪਰ ਬਾਈਡੇਨ ਦੇ ਪ੍ਰਸ਼ਾਸਨ ਦੇ 9 ਮਹੀਨੇ ਬਾਅਦ ਵੀ ਇਹਨਾਂ ਦੋਹਾਂ ਦੀ ਮਾਮਲਿਆਂ 'ਤੇ ਕੋਸ਼ਿਸ਼ਾਂ ਰੁੱਕੀਆਂ ਹੋਈਆਂ ਹਨ। ਪੋਲੈਂਡ ਅਤੇ ਯੂਕਰੇਨ ਤੋਂ ਲੰਘਣ ਵਾਲੀ ਰੂਸ ਤੋਂ ਜਰਮਨੀ ਤੱਕ ਦੀ ਗੈਸ ਪਾਈਪਲਾਈਨ ਨੂੰ ਬਾਈਡੇਨ ਦੀ ਮਨਜ਼ੂਰੀ ਦੇਣ ਦੇ ਬਾਅਦ ਤੋਂ ਅਮਰੀਕੀ ਰਾਸ਼ਟਰਪਤੀ ਖ਼ਿਲਾਫ਼ ਨਾਰਾਜ਼ਗੀ ਵੱਧਣ ਲੱਗੀ ਅਤੇ ਇਸ ਦੇ ਇਕ ਹੀ ਮਹੀਨੇ ਬਾਅਦ ਅਗਸਤ ਵਿਚ ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਵਾਪਸੀ ਨੇ ਯੂਰਪ ਨੂੰ ਅਜੀਬ ਹਾਲਾਤ ਵਿਚ ਲਿਆ ਦਿੱਤਾ ਜਿਸ ਨੇ ਇਸ ਵਾਪਸੀ ਨੂੰ ਲੈਕੇ ਇਤਰਾਜ਼ ਜਤਾਇਆ ਸੀ।ਇਸ ਮਗਰੋਂ ਇਸ ਹਫ਼ਤੇ ਬਾਈਡੇਨ ਨੇ ਔਕਸ (AUKUS) ਗਠਜੋੜ ਦੀ ਘੋਸ਼ਣਾ ਕਰਕੇ ਫਰਾਂਸ ਅਤੇ ਯੂਰਪੀ ਸੰਘ ਨੂੰ ਨਾਰਾਜ਼ ਕਰ ਦਿੱਤਾ।


Vandana

Content Editor

Related News