ਏਸ਼ੀਆ ਤੋਂ ਬਾਹਰ ਕੋਰੋਨਾਵਾਇਰਸ ਕਾਰਨ ਹੋਈ ਪਹਿਲੀ ਮੌਤ, ਫਰਾਂਸ ਨੇ ਕੀਤੀ ਪੁਸ਼ਟੀ

02/15/2020 5:51:06 PM

ਪੈਰਿਸ(ਏ.ਐਫ.ਪੀ.)- ਫਰਾਂਸ ਵਿਚ ਨਵੇਂ ਕੋਰੋਨਾਵਾਇਰਸ ਨਾਲ ਪੀੜਤ ਇਕ 80 ਸਾਲਾ ਚੀਨੀ ਸੈਲਾਨੀ ਦੀ ਮੌਤ ਹੋ ਗਈ ਹੈ। ਫਰਾਂਸ ਦੇ ਸਿਹਤ ਮੰਤਰੀ ਐਗਨੇਸ ਬੁਜ਼ਿਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਏਸ਼ੀਆਂ ਤੋਂ ਬਾਹਰ ਇਸ ਵਾਇਰਸ ਕਾਰਨ ਮੌਤ ਦਾ ਪਹਿਲਾ ਮਾਮਲਾ ਹੈ।

ਬੁਜ਼ਿਨ ਨੇ ਦੱਸਿਆ ਕਿ ਉਹਨਾਂ ਨੂੰ ਸ਼ੁੱਕਰਵਾਰ ਦੇਰ ਰਾਤ ਇਕ ਮਰੀਜ਼ ਦੀ ਮੌਤ ਬਾਰੇ ਜਾਣਕਾਰੀ ਮਿਲੀ ਹੈ, ਜਿਸ ਨੂੰ ਜਨਵਰੀ ਦੇ ਅਖੀਰ ਤੋਂ ਪੈਰਿਸ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਵੀ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਦੀ ਗਈ। ਇਸ ਤੋਂ ਪਹਿਲਾਂ ਇਸ ਵਾਇਰਸ ਕਾਰਨ ਫਿਲਪੀਨਸ, ਹਾਂਗਕਾਂਗ ਤੇ ਜਾਪਾਨ ਵਿਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਬਾਹਰ ਵੀ ਇਸ ਵਾਇਰਸ ਦੇ 600 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਹਨਾਂ ਵਿਚੋਂ 35 ਦੇ ਲਗਭਗ ਯੂਰਪੀਅਨ ਯੂਨੀਅਨ ਵਿਚ ਦਰਜ ਕੀਤੇ ਗਏ ਹਨ। ਬੁਜ਼ਿਨ ਨੇ ਕਿਹਾ ਕਿ ਫਰਾਂਸ ਦੇ ਹਸਪਤਾਲ ਵਿਚ ਇਸ ਵਾਇਰਸ ਨਾਲ ਪ੍ਰਭਾਵਿਚ 6 ਲੋਕ ਦਾਖਲ ਹਨ ਪਰ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

ਇਹ ਵਾਇਰਸ ਪਿਛਲੇ ਸਾਲ ਦੇ ਅਖੀਰ ਵਿਚ ਚੀਨ ਤੋਂ ਸ਼ੁਰੂ ਹੋਇਆ ਸੀ, ਜਿਥੇ ਇਸ ਕਾਰਨ ਹੁਣ ਤੱਕ 1600 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ 66,000 ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ। ਚੀਨੀ ਸੂਬੇ ਹੁਬੇਈ ਨੂੰ ਇਸ ਵਾਇਰਸ ਦਾ ਕੇਂਦਰ ਦੱਸਿਆ ਗਿਆ ਹੈ ਤੇ ਇਸ ਸੂਬੇ ਵਿਚ ਤਕਰੀਬਨ 5.6 ਕਰੋੜ ਲੋਕ ਵੱਸਦੇ ਹਨ, ਜਿਹਨਾਂ ਦੇ ਕਿਤੇ ਵੀ ਆਉਣ-ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। 


Baljit Singh

Content Editor

Related News