ਓਮੀਕਰੋਨ ਦੇ ਖਤਰੇ ਨੂੰ ਦੇਖਦਿਆਂ ਫਰਾਂਸ ਨੇ ਕੀਤੇ ਬਾਰਡਰ ਬੰਦ, 24 ਘੰਟਿਆਂ ''ਚ 93045 ਕੇਸ ਆਏ ਸਾਹਮਣੇ

12/19/2021 1:13:52 AM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਵਿੱਚ ਕੋਰੋਨਾ ਦਾ ਕਹਿਰ ਓਮੀਕਰੋਨ ਵੇਰੀਐਂਟ ਦੇ ਰੂਪ ਵਿੱਚ ਮੁੜ ਭਿਆਨਕ ਰੂਪ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਲਗਾਤਾਰ ਵਧ ਰਹੇ ਕੇਸਾਂ ਨੇ ਸਰਕਾਰ ਦੀ ਵੀ ਚਿੰਤਾ ਵਧਾਈ ਹੋਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 78610 ਕੇਸ ਸਾਹਮਣੇ ਆਏ ਸਨ ਅਤੇ ਵੀਰਵਾਰ ਨੂੰ ਵੱਧ ਕੇ 88376 ਹੋ ਗਏ। ਇਸੇ ਤਰ੍ਹਾਂ ਹੀ ਪਿਛਲੇ 24 ਘੰਟਿਆਂ 'ਚ 93045 ਕੇਸ ਦਰਜ ਹੋਏ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਕੋਵਿਡ ਕੇਸਾਂ ਵਿੱਚੋਂ ਲਗਭਗ 51.4% ਕੇਸ ਇਕੱਲੇ ਓਮੀਕਰੋਨ ਨਾਲ ਸਬੰਧਿਤ ਹਨ। ਦੇਸ਼ ਵਿੱਚ 900 ਦੇ ਕਰੀਬ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ, ਜਿਨ੍ਹਾਂ ਦੀ 7 ਦਿਨਾਂ ਵਿੱਚ ਗਿਣਤੀ 6056 ਤੱਕ ਪਹੁੰਚੀ ਹੈ। ਇਹ ਵਾਧਾ ਪਿਛਲੇ ਹਫਤੇ ਦੇ ਮੁਕਾਬਲੇ 8.1% ਦਰਜ ਹੋਇਆ ਹੈ।

 ਵੈਕਸੀਨੇਸ਼ਨ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਹੁਣ ਤੱਕ 26 ਕਰੋੜ 33 ਲੱਖ 8651 ਲੋਕਾਂ ਨੂੰ ਬੂਸਟਰ ਖੁਰਾਕ ਵੀ ਲੱਗ ਚੁੱਕੀ ਹੈ। ਯੂਕੇ ਵਿੱਚ ਵਧਦੇ ਕੇਸਾਂ ਨੂੰ ਦੇਖਦਿਆਂ ਫਰਾਂਸ ਵੱਲੋਂ ਸ਼ੁੱਕਰਵਾਰ ਰਾਤ 11 ਵਜੇ ਕਾਰੋਬਾਰ ਜਾਂ ਸੈਰ ਸਪਾਟੇ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ ਗਏ ਹਨ। ਬਾਰਡਰ ਦੇ ਬੰਦ ਹੋਣ ਤੋਂ ਪਹਿਲਾਂ ਫਰਾਂਸ ਪਹੁੰਚਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਪੋਰਟ ਆਫ ਡੋਵਰ ਅਤੇ ਯੂਰੋਸਟਾਰ ਟਰਮੀਨਲਾਂ 'ਤੇ ਦੇਖਣ ਨੂੰ ਮਿਲੀਆਂ। ਓਮੀਕਰੋਨ ਦੇ ਵਧਦੇ ਕੇਸਾਂ ਨੇ ਹਸਪਤਾਲਾਂ ਦੇ ਸਟਾਫ ਨੂੰ ਵੀ ਪ੍ਰਭਾਵਿਤ ਕੀਤਾ ਹੈ। ਗਏਜ਼ ਐਂਡ ਸੈਂਟ ਥਾਮਸ ਟਰਸਟ ਲੰਡਨ ਅਨੁਸਾਰ ਵਧਦੇ ਕੇਸਾਂ ਕਰਕੇ ਗੈਰ-ਜ਼ਰੂਰੀ ਸੇਵਾਵਾਂ ਬੰਦ ਕਰਕੇ ਨਵੇਂ ਸਟਾਫ ਨੂੰ ਮੁੜ ਭਰਤੀ ਕੀਤਾ ਜਾ ਰਿਹਾ ਹੈ, ਤਾਂ ਜੋ ਬਿਮਾਰੀ ਦੀ ਹਾਲਤ ਵਿੱਚ ਛੁੱਟੀ 'ਤੇ ਗਏ ਕਾਮਿਆਂ ਦੀ ਥਾਂ ਭਰੀ ਜਾ ਸਕੇ। ਟਰੱਸਟ ਅਨੁਸਾਰ ਵੱਖ-ਵੱਖ ਹਸਪਤਾਲਾਂ ਦੇ ਲਗਭਗ 350 ਕਰਮਚਾਰੀ ਕੋਵਿਡ ਕਰਕੇ ਇਕਾਂਤਵਾਸ ਵਿੱਚ ਹਨ ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 25 ਫੀਸਦੀ ਵੱਧ ਹਨ। ਡਾਕਟਰਜ਼ ਯੂਨੀਅਨ ਦਾ ਕਹਿਣਾ ਹੈ ਕਿ ਅਜੋਕੇ ਹਲਾਤਾਂ ਨੂੰ ਦੇਖਦਿਆਂ 32000 ਮੈਡੀਕਲ, ਨਰਸਾਂ ਅਤੇ ਹੋਰ ਸਟਾਫ 25 ਦਸੰਬਰ ਤੱਕ ਪ੍ਰਭਾਵਿਤ ਹੋ ਸਕਦੇ ਹਨ। 10 ਵਿੱਚੋਂ 1 ਦੇ ਅੰਕੜੇ ਅਨੁਸਾਰ ਲਗਭਗ 13000 ਸਿਹਤ ਕਾਮੇ ਵੀ ਬਿਮਾਰੀ ਦੀ ਛੁੱਟੀ ਲੈ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News