ਫਰਾਂਸ ਫਰਵਰੀ ਅੰਤ ਤੱਕ 24 ਲੱਖ ਲੋਕਾਂ ਨੂੰ ਲਾ ਦੇਵੇਗਾ ਕੋਰੋਨਾ ਟੀਕਾ : ਮੰਤਰੀ

01/18/2021 5:48:17 PM

ਪੈਰਿਸ- ਵਿਸ਼ਵ ਭਰ ਵਿਚ ਕੋਰੋਨਾ ਟੀਕਾ ਲੱਗਣਾ ਲਗਭਗ ਸ਼ੁਰੂ ਹੋ ਚੁੱਕਾ ਹੈ। ਇਸ ਵਿਚਕਾਰ ਫਰਾਂਸ ਨੇ ਕਿਹਾ ਹੈ ਕਿ ਉਹ ਫਰਵਰੀ ਖ਼ਤਮ ਹੋਣ ਤੱਕ ਆਪਣੇ 24 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਾ ਦੇਵੇਗਾ।

ਸਿਹਤ ਮੰਤਰੀ ਓਲੀਵੀਅਰ ਵਰਨ ਨੇ ਕਿਹਾ ਕਿ ਜਨਵਰੀ ਦੇ ਅੰਤ ਤੱਕ 10 ਲੱਖ ਲੋਕਾਂ ਦਾ ਟੀਕਾਕਰਨ ਦਾ ਟੀਚਾ ਪੂਰਾ ਹੋ ਜਾਵੇਗਾ ਅਤੇ ਫਰਵਰੀ ਅੰਤ ਤੱਕ 24 ਲੱਖ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਇਸ ਲਈ ਸਾਡੇ ਕੋਲ ਵਧੇਰੇ ਖੁਰਾਕਾਂ ਹਨ।

ਪੂਰਬੀ ਸ਼ਹਿਰ ਗ੍ਰੇਨੋਬਲ ਵਿਚ ਇਕ ਟੀਕਾਕਰਨ ਕੇਂਦਰ ਦੇ ਦੌਰ 'ਤੇ ਪਹੁੰਚੇ ਸਿਹਤ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਫਰਾਂਸ ਨੇ ਲਗਭਗ 800 ਅਜਿਹੇ ਕੇਂਦਰ ਸਥਾਪਤ ਕੀਤੇ ਹਨ।

ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਘਰਾਂ ਵਿਚ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਨਾਲ ਅਸੀਂ ਇਸ ਮਹੀਨੇ ਦੇ ਅੰਤ ਤੱਕ 10 ਲੱਖ ਫ੍ਰੈਂਚ ਲੋਕਾਂ ਨੂੰ ਟੀਕਾ ਲਾਉਣ ਦੇ ਮਿੱਥੇ ਟੀਚੇ 'ਤੇ ਆਰਾਮ ਨਾਲ ਪਹੁੰਚ ਜਾਵਾਂਗੇ। 26 ਦਸੰਬਰ ਨੂੰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਫਰਾਂਸ 422,000 ਤੋਂ ਵੱਧ ਲੋਕਾਂ ਨੂੰ ਟੀਕਾ ਲਾ ਚੁੱਕਾ ਹੈ। ਹਾਲਾਂਕਿ, ਫਰਾਂਸ ਅਜੇ ਵੀ ਬਹੁਤ ਸਾਰੇ ਯੂਰਪੀ ਦੇਸ਼ਾਂ ਜਿਵੇਂ ਕਿ ਬ੍ਰਿਟੇਨ ਤੋਂ ਬਹੁਤ ਪਿੱਛੇ ਹੈ, ਜਿੱਥੇ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਤੱਕ 32 ਲੱਖ ਤੱਕ ਪਹੁੰਚ ਗਈ ਹੈ। 

ਜਰਮਨੀ ਅਤੇ ਇਟਲੀ ਵਿਚ ਪਿਛਲੇ ਹਫ਼ਤੇ ਦੇ ਅੰਤ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਸੋਮਵਾਰ ਤੋਂ ਫਰਾਂਸ ਵਿਚ ਕੋਰੋਨਾ ਵਾਇਰਸ ਟੀਕੇ 75 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਲਾਉਣੇ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਹ ਸਿਹਤ ਕਾਮਿਆਂ ਤੇ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ।
 


Sanjeev

Content Editor

Related News