ਫਰਾਂਸ ਯਾਤਰਾ ਪਾਬੰਦੀਆਂ ਨੂੰ ਸੌਖਾ ਕਰਨ ਲਈ ਸਹਿਮਤ, ਦੇਣਾ ਪਵੇਗਾ ਕੋਰੋਨਾ ਨੈਗੇਟਿਵ ਦਾ ਸਬੂਤ
Thursday, Dec 24, 2020 - 03:33 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਯੂਰਪੀਅਨ ਦੇਸ਼ਾਂ ਵੱਲੋਂ ਯੂ. ਕੇ. 'ਤੇ ਯਾਤਰਾ ਸੰਬੰਧੀ ਪਾਬੰਦੀਆਂ ਲਗਾਉਣ ਤੋਂ ਬਾਅਦ ਯਾਤਰੀਆਂ ਸਮੇਤ ਸਮਾਨ ਦੀ ਢੋਆ-ਢੁਆਈ ਵਾਲੇ ਵਾਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵੇਲੇ ਫਰਾਂਸ ਅਤੇ ਯੂ. ਕੇ. ਵਿਚਕਾਰ ਬਾਰਡਰ ਬੰਦ ਹੋਣ ਕਾਰਨ ਕੈਂਟ ਵਿਚ ਵੱਡੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਮਾਮਲੇ ਵਿਚ ਦੋਵਾਂ ਦੇਸ਼ਾਂ ਨੇ ਆਪਣੀ ਸਾਂਝੀ ਸਰਹੱਦ 'ਤੇ ਸਮਝੌਤਾ ਹੋਣ ਦੇ ਬਾਅਦ ਬੁੱਧਵਾਰ ਤੋਂ ਫਰਾਂਸ ਯੂ. ਕੇ. ਤੋਂ ਆਵਾਜਾਈ ਨੂੰ ਨੈਗੇਟਿਵ ਕੋਰੋਨਾ ਵਾਇਰਸ ਟੈਸਟ ਦੀ ਸ਼ਰਤ 'ਤੇ ਵਾਪਸ ਸ਼ੁਰੂ ਕਰੇਗਾ।
ਇਸ ਅਨੁਸਾਰ ਟਰੱਕਾਂ ਦੇ ਚਾਲਕ, ਯੂਰਪੀਅਨ ਯੂਨੀਅਨ ਦੇ ਨਾਗਰਿਕ ਆਦਿ ਵਾਪਸ ਜਾਣ ਦੀ ਆਗਿਆ ਲੈਣ ਵਾਲਿਆਂ ਵਿਚ ਸ਼ਾਮਲ ਹੋਣਗੇ ਪਰ ਇਸ ਲਈ ਯਾਤਰੀਆਂ ਦੁਆਰਾ ਵਾਇਰਸ ਦਾ ਨਵਾਂ ਨਕਾਰਾਤਮਕ ਟੈਸਟ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਜਹਾਜ਼, ਕਿਸ਼ਤੀਆਂ ਅਤੇ ਯੂਰੋਸਟਾਰ ਨੂੰ ਵੀ ਬੁੱਧਵਾਰ ਸਵੇਰੇ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਐਤਵਾਰ ਨੂੰ ਫਰਾਂਸ ਨਾਲ ਸਰਹੱਦ ਬੰਦ ਹੋਣ ਤੋਂ ਬਾਅਦ ਕੈਂਟ ਵਿੱਚ ਲੱਗਭਗ 2,850 ਵਾਹਨ ਇਕੱਠੇ ਹੋਏ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ, ਯਾਤਰਾ ਕਰਨ ਵਾਲਿਆਂ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਵਾਇਰਸ ਦੇ ਨਕਾਰਾਤਮਕ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਟੈਸਟ ਕਰਨ ਲਈ ਰੈਪਿਡ ਲੇਟ੍ਰਲ ਫਲੋ ਟੈਸਟ, ਜੋ ਲੱਗਭਗ 30 ਮਿੰਟਾਂ ਵਿੱਚ ਨਤੀਜਾ ਦੇ ਸਕਦੇ ਹਨ, ਦੀ ਵਰਤੋਂ ਪੀ ਸੀ ਆਰ ਟੈਸਟਾਂ ਦੀ ਬਜਾਏ ਕੀਤੀ ਜਾਵੇਗੀ। ਇਕੱਠੇ ਹੋਏ ਵਾਹਨਾਂ ਦੇ ਡਰਾਈਵਰ ਟੈਕਸਟ ਸੁਨੇਹੇ ਦੁਆਰਾ ਨਤੀਜੇ ਨੂੰ ਪ੍ਰਾਪਤ ਕਰਨਗੇ, ਅਤੇ ਇਹ ਸੰਦੇਸ਼ ਡਰਾਈਵਰਾਂ ਨੂੰ ਚੈਨਲ ਨੂੰ ਪਾਰ ਕਰਨ ਦਾ ਅਧਿਕਾਰ ਦੇਵੇਗਾ। ਆਵਾਜਾਈ ਵਿਭਾਗ ਦੇ ਅਨੁਸਾਰ ਫਰਾਂਸ ਸਰਕਾਰ ਨਾਲ ਇਸ ਸਹਿਮਤੀ ਪ੍ਰਬੰਧ ਦੀ 31 ਦਸੰਬਰ ਨੂੰ ਸਮੀਖਿਆ ਕੀਤੀ ਜਾਵੇਗੀ ਪਰ ਇਹ ਪ੍ਰਕਿਰਿਆ 6 ਜਨਵਰੀ ਤੱਕ ਚਲ ਸਕਦੀ ਹੈ। ਇਸ ਟੈਸਟ ਪ੍ਰਕਿਰਿਆ ਨੂੰ ਸਫਲ ਕਰਨ ਲਈ ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਸਟਾਫ਼ ਨਾਲ ਫ਼ੌਜ ਨੂੰ ਵੀ ਤਾਇਨਾਤ ਕੀਤਾ ਜਾਵੇਗਾ।