ਫਰਾਂਸ ਵਿਚ ਤੇਜ਼ ਹਵਾਵਾਂ ਤੇ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਬੰਦ
Sunday, Dec 15, 2019 - 03:03 PM (IST)

ਪੈਰਿਸ- ਪੱਛਮੀ ਫਰਾਂਸ ਵਿਚ ਤੇਜ਼ ਹਵਾਵਾਂ ਤੇ ਹੜ੍ਹ ਦੇ ਕਾਰਨ ਦੋ ਪੈਨਸ਼ਨਧਾਰੀਆਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਹਜ਼ਾਰਾਂ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਉਥੇ ਹੀ 11 ਵਿਭਾਗਾਂ ਨੂੰ ਆਰੇਂਜ ਅਲਰਟ 'ਤੇ ਰੱਖਿਆ ਗਿਆ ਹੈ। ਇਹ ਚਿਤਾਵਨੀ ਸ਼ਨੀਵਾਰ ਸ਼ਾਮੀਂ ਜਾਰੀ ਕੀਤੀ ਗਈ ਹੈ।
ਪਾਏਰੇਨੀਸ-ਅਟਲਾਂਟਿਕ ਵਿਚ ਇਕ 70 ਸਾਲ ਦੇ ਵਿਅਕਤੀ ਦੇ ਵਾਹਨ 'ਤੇ ਦਰੱਖਤ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਥੇ ਹੀ ਐਸਪੀਯੰਸ ਦੇ ਲੋਟ-ਏਟ-ਗੈਰੋਨੇ ਖੇਤਰ ਵਿਚ ਇਕ 76 ਸਾਲ ਦੇ ਵਿਅਕਤੀ ਨੂੰ ਲਹਿਰਾਂ ਆਪਣੇ ਨਾਲ ਵਹਾ ਕੇ ਲੈ ਗਈਆਂ। 24 ਘੰਟਿਆਂ ਬਾਅਦ ਬਚਾਅ ਕਰਮਚਾਰੀਆਂ ਨੂੰ ਉਸ ਦੀ ਲਾਸ਼ ਉਸ ਦੇ ਘਰ ਤੋਂ ਇਕ ਕਿਲੋਮੀਟਰ ਦੂਰ ਮਿਲੀ। ਤੂਫਾਨ ਦੇ ਕਾਰਨ ਪੰਜ ਲੋਕ ਜ਼ਖਮੀ ਹੋਏ ਹਨ। ਇਹਨਾਂ ਲੋਕਾਂ ਦੇ ਵਾਹਨ 'ਤੇ ਦਰੱਖਤ ਡਿੱਗ ਗਿਆ ਸੀ।
ਸ਼ਨੀਵਾਰ ਦੁਪਹਿਰ ਤੋਂ ਕਰੀਬ 40 ਹਜ਼ਾਰ ਤੇ ਬੀਤੀ ਸ਼ਾਮ ਤੋਂ 15 ਹਜ਼ਾਰ ਘਰ ਬਿਨਾਂ ਬਿਜਲੀ ਦੇ ਹਨ। ਬਿਜਲੀ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ 2000 ਬਿਜਲੀ ਕਰਮਚਾਰੀਆਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਇਲਾਕੇ ਵਿਚ ਬਿਜਲੀ ਨਹੀਂ ਹੈ ਤਾਂ ਉਹ ਕੰਪਨੀ ਨੂੰ ਫੋਨ ਕਰਨ।