ਫਰਾਂਸ : ਸਕੂਲਾਂ ''ਚ ਬੱਚਿਆਂ ਦੇ ਫੋਨ ਲਿਆਉਣ ''ਤੇ ਲੱਗੀ ਪਾਬੰਦੀ
Monday, Sep 03, 2018 - 05:07 PM (IST)

ਪੈਰਿਸ (ਭਾਸ਼ਾ)— ਫਰਾਂਸ ਵਿਚ ਗਰਮੀਆਂ ਦੀਆਂ ਛੁੱਟੀਆਂ ਦੇ ਬਾਅਦ ਸਕੂਲ ਜਾ ਰਹੇ ਬੱਚਿਆਂ ਨੂੰ ਹੁਣ ਬਿਨਾਂ ਮੋਬਾਇਲ ਫੋਨ ਦੇ ਸਕੂਲ ਜਾਣਾ ਹੋਵੇਗਾ। ਸਰਕਾਰ ਨੇ ਇਕ ਅਜਿਹਾ ਕਾਨੂੰਨ ਪਾਸ ਕੀਤਾ ਹੈ ਜਿਸ ਮੁਤਾਬਕ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿਚ ਪੂਰੇ ਦਿਨ ਲਈ ਫੋਨ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਵਿਚ ਬ੍ਰੇਕ ਦੀ ਮਿਆਦ ਵੀ ਸ਼ਾਮਲ ਹੈ। ਇਸ ਨਿਯਮ ਵਿਚ ਸਿਰਫ ਅਪਵਾਦ ਵਜੋਂ ਐਮਰਜੈਂਸੀ ਮਾਮਲਿਆਂ ਵਿਚ ਅਤੇ ਅਪਾਹਜ ਬੱਚਿਆਂ ਨੂੰ ਛੋਟ ਮਿਲੇਗੀ।
ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂ ਤਾਂ ਆਪਣੇ ਫੋਨ ਸਵਿੱਚ ਆਫ ਕਰਨ ਜਾਂ ਉਨ੍ਹਾਂ ਨੂੰ ਲੌਕਰ ਵਿਚ ਰੱਖਣ। ਸਿੱਖਿਆ ਮੰਤਰੀ ਜਿਆਂ ਮਾਈਕਲ ਬਲੈਂਕਵੈਰ ਨੇ ਕਿਹਾ ਕਿ ਇਸ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ 'ਤੇ ਬਿਹਤਰ ਤਰੀਕੇ ਨਾਲ ਧਿਆਨ ਕੇਂਦਰਿਤ ਕਰਨ, ਸਮਾਜਿਕ ਦਾਇਰਾ ਵਧਾਉਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਪਾਬੰਦੀ ਦਾ ਉਦੇਸ਼ ਆਨਲਾਈਨ ਧੌਂਸ ਜਮਾਉਣ ਅਤੇ ਸਕੂਲ ਵਿਚ ਚੋਰੀ ਅਤੇ ਹਿੰਸਾ ਦੀਆਂ ਘਟਨਾਵਾਂ 'ਤੇ ਲਗਾਮ ਲਗਾਉਣਾ ਵੀ ਹੈ। ਕਾਨੂੰਨ ਦੀ ਪਾਲਣਾ ਨਾ ਕਰਨ 'ਤੇ ਇਸ ਨਿਯਮ ਦੇ ਤਹਿਤ ਅਧਿਆਪਕਾਂ ਨੂੰ ਬੱਚਿਆਂ ਦਾ ਫੋਨ ਜ਼ਬਤ ਕਰਨ ਦਾ ਵੀ ਅਧਿਕਾਰ ਹੈ।