ਫਰਾਂਸ : ਸ਼ਖਸ ਨੇ ਮਸਜਿਦ ਸਾੜਨ ਦੀ ਕੀਤੀ ਕੋਸ਼ਿਸ਼, 2 ਲੋਕਾਂ ਨੂੰ ਕੀਤਾ ਜ਼ਖਮੀ
Tuesday, Oct 29, 2019 - 04:33 PM (IST)

ਪੈਰਿਸ (ਬਿਊਰੋ): ਦੱਖਣੀ-ਪੱਛਮੀ ਫਰਾਂਸ ਵਿਚ ਇਕ ਸੱਜੇ ਪੱਖੀ ਪਾਰਟੀ ਦੇ 84 ਸਾਲ ਦੇ ਇਕ ਸਾਬਕਾ ਚੋਣ ਉਮੀਦਵਾਰ ਨੇ ਇਕ ਮਸਜਿਦ ਵਿਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਦਿਆਂ ਉਸ ਨੂੰ ਦੋ ਲੋਕਾਂ ਨੇ ਦੇਖ ਲਿਆ ਤਾਂ ਸਾਬਕਾ ਉਮੀਦਵਾਰ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਹਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਹੋਏ ਦੋਵੇਂ ਵਿਅਕਤੀਆਂ ਦੀ ਉਮਰ 74 ਅਤੇ 78 ਸਾਲ ਹੈ। ਪੁਲਸ ਮੁਤਾਬਕ ਦੋਹਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲਾ ਬਿਯੋਨੇ ਦੀ ਇਕ ਮਸਜਿਦ ਵਿਚ ਸੋਮਵਾਰ ਦੁਪਹਿਰ ਸਮੇਂ ਹੋਇਆ।
🇫🇷 Fusillade devant 1 #mosquee à #Bayonne : le tireur présumé est Claude Sinké. Il était candidat du #FN dans les #Landes aux élections départementales de 2015. Il a lancé un bidon d'essence qui a provoqué une faible #explosion. Il déclare détenir des #grenades. (@azizzemouri1) pic.twitter.com/jSzPnAe3BV
— La Plume Libre (@LPLdirect) October 28, 2019
ਸ਼ਖਸ ਘਟਨਾਸਥਲ ਤੋਂ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਿਆ ਸੀ। ਉਸ ਨੂੰ ਬੇਯੋਨ ਨੇੜੇ ਸੈਂਟ-ਮਾਰਟੀਨ ਡੀ-ਸਿਗਨੈਂਕਸ ਵਿਚ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਘਟਨਾਸਥਲ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਇਕ ਗੱਡੀ ਵਿਚ ਅੱਗ ਲਗਾ ਦਿੱਤੀ ਸੀ। ਪੁਲਸ ਨੇ ਉਸ ਦੀ ਕਾਰ ਵਿਚੋਂ ਇਕ ਗੈਸ ਕਨਸਤਰ ਅਤੇ ਇਕ ਹੈਂਡਗਨ ਬਰਾਮਦ ਕੀਤੀ। ਉੱਧਰ ਸਰਕਾਰ ਨੇ ਮੁਸਲਿਮਾਂ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿਚ ਹਰ ਧਰਮ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਹਮਲਿਆਂ ਨਾਲ ਦੇਸ਼ ਦਾ ਅਕਸ ਖਰਾਬ ਹੁੰਦਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਘਿਨਾਉਣਾ ਅਪਰਾਧ ਦੱਸਿਆ ਹੈ। ਰਾਸ਼ਟਰਪਤੀ ਨੇ ਟਵੀਟ ਕਰ ਕੇ ਕਿਹਾ,''ਇਸ ਤਰ੍ਹਾਂ ਦੇ ਨਫਰਤੀ ਅਪਰਾਧ ਬਰਦਾਸ਼ਤ ਦੇ ਬਾਹਰ ਹਨ। ਅਪਰਾਧੀਆਂ ਨੂੰ ਸਜ਼ਾ ਦੇਣ ਅਤੇ ਮੁਸਲਿਮ ਦੇਸ਼ਵਾਸੀਆਂ ਦੀ ਰੱਖਿਆ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਹ ਇਹ ਵਚਨ ਦਿੰਦੇ ਹਨ।''