ਵਿਦਿਆਰਥੀ ਦੀ ਝੂਠੀ ਅਫਵਾਹ ਕਾਰਨ ਫਲਾਈਟ ''ਚ ਮਚੀ ਹਫੜਾ-ਦਫੜੀ
Friday, Jan 25, 2019 - 04:42 PM (IST)

ਪੈਰਿਸ (ਬਿਊਰੋ)— ਅਕਸਰ ਬੱਚੇ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਉਤਾਵਲੇ ਹੁੰਦੇ ਹਨ। ਪਰ ਫਰਾਂਸ ਦੇ ਇਕ ਵਿਦਿਆਰਥੀ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਜਹਾਜ਼ ਵਿਚ ਸਿਰਫ ਇਸ ਲਈ ਬੰਬ ਹੋਣ ਦੀ ਝੂਠੀ ਖਬਰ ਫੈਲਾ ਦਿੱਤੀ ਤਾਂ ਜੋ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਲਈ ਨਾ ਆ ਸਕਣ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਫਰਾਂਸ ਦੇ ਇਕ 23 ਸਾਲਾ ਵਿਦਿਆਰਥੀ ਨੇ 18 ਜਨਵਰੀ ਨੂੰ ਲਿਓਨ ਤੋਂ ਰੇਨੇਸ ਆ ਰਹੀ ਇਜ਼ੀ ਜੈੱਟ (Easy Jet) ਦੀ ਇਕ ਫਲਾਈਟ ਵਿਚ ਬੰਬ ਹੋਣ ਦੀ ਝੂਠੀ ਖਬਰ ਦਿੱਤੀ ਤਾਂ ਜੋ ਫਲਾਈਟ ਵਾਪਸ ਪਰਤ ਜਾਵੇ ਅਤੇ ਉਸ ਵਿਚ ਸਵਾਰ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਲਈ ਨਾ ਆ ਪਾਉਣ। ਏਅਰਲਾਈਨਜ਼ ਇਜ਼ੀ ਜੈੱਟ ਦੇ ਬੁਲਾਰੇ ਨੇ ਅਖਬਾਰ ਨੂੰ ਦੱਸਿਆ,''18 ਜਨਵਰੀ ਨੂੰ ਲਿਓਨ ਤੋਂ ਰੇਨੇਸ ਜਾ ਰਹੀ ਫਲਾਈਟ EZY4319 ਨੂੰ ਸੁਰੱਖਿਆ ਕਾਰਨਾਂ ਕਾਰਨ ਵਾਪਸ ਲਿਓਨ ਭੇਜ ਦਿੱਤਾ ਗਿਆ।''
ਰੇਨੇਸ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਫਲਾਈਟ ਵਿਚ ਬੰਬ ਹੋਣ ਦੀ ਝੂਠੀ ਖਬਰ ਦੇਣ ਵਾਲੇ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਝੂਠੀ ਖਬਰ ਦੇਣ ਵਾਲਾ ਨੌਜਵਾਨ ਇਕ ਵਿਦਿਆਰਥੀ ਹੈ ਜੋ ਨਹੀਂ ਚਾਹੁੰਦਾ ਸੀ ਕਿ ਫਲਾਈਟ ਵਿਚ ਆ ਰਹੇ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਲਈ ਆ ਪਾਉਣ। ਬੰਬ ਹੋਣ ਦੀ ਖਬਰ ਝੂਠੀ ਸਾਬਤ ਹੋਣ ਦੇ ਬਾਅਦ ਹੁਣ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮੀਡੀਆ ਖਬਰਾਂ ਮੁਤਾਬਕ ਜੇਕਰ ਮੁਕੱਦਮਾ ਚਲਾਇਆ ਜਾਂਦਾ ਹੈ ਤਾਂ ਵਿਦਿਆਰਥੀ ਨੂੰ 5 ਸਾਲ ਦੀ ਜੇਲ ਅਤੇ 85,000 ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।