ਕੋਰੋਨਾਵਾਇਰਸ ਤੋਂ ਪਰੇਸ਼ਾਨ ਦੁਨੀਆ ਭਰ ਦੇ ਬੱਚਿਆਂ ਨੇ ਸੈਂਟਾ ਨੂੰ ਕੀਤੀ ਅਪੀਲ
Sunday, Nov 29, 2020 - 06:02 PM (IST)
ਪੈਰਿਸ (ਭਾਸ਼ਾ): ਸਾਲ 2020 ਲੱਗਭਗ ਪੂਰਾ ਹੀ ਕੋਰੋਨਾਵਾਇਰਸ ਸੰਬੰਧੀ ਮਹਾਮਾਰੀ ਦੀ ਦਹਿਸ਼ਤ ਵਿਚ ਨਿਕਲ ਗਿਆ।ਇਸ ਸਾਲ ਮਨਾਏ ਗਏ ਤਿਉਹਾਰਾਂ ਦਾ ਜਸ਼ਨ ਪਹਿਲਾਂ ਵਰਗਾ ਨਹੀਂ ਰਿਹਾ। ਹੱਸਣ-ਖੇਡਣ ਵਾਲੇ ਬੱਚੇ ਵੀ ਵਾਇਰਸ ਦੇ ਖੌਫ ਨਾਲ ਘਰਾਂ ਵਿਚ ਕੈਦ ਹੋ ਕੇ ਰਹਿ ਗਏ। ਹੁਣ ਦੁਨੀਆ ਭਰ ਦੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਤਿਉਹਾਰ ਕ੍ਰਿਸਮਸ ਕਰੀਬ ਹੈ। ਬੱਚਿਆਂ ਨੇ ਆਪਣੇ ਪਿਆਰੇ ਸੈਂਟਾ ਨੂੰ ਚਿੱਠੀਆਂ ਭੇਜ ਆਪਣੀ ਇੱਛਾਵਾਂ ਅਤੇ ਮਨ ਦੀਆਂ ਗੱਲਾਂ ਕਹੀਆਂ ਹਨ। ਇਹਨਾਂ ਚਿੱਠੀਆਂ ਵਿਚ ਬੱਚਿਆਂ ਨੇ ਜਿਹੜੀਆਂ ਗੱਲਾਂ ਲਿਖੀਆਂ ਹਨ ਉਹ ਦੱਸਦੀਆਂ ਹਨ ਕਿ ਇਸ ਮਹਾਮਾਰੀ ਨੇ ਬੱਚਿਆਂ ਦੇ ਮਨ 'ਤੇ ਬਹੁਤ ਬੁਰਾ ਅਸਰ ਪਾਇਆ ਹੈ ਅਤੇ ਇਕ ਅਣਜਾਣ ਜਿਹਾ ਡਰ ਉਹਨਾਂ ਦੇ ਅੰਦਰ ਬੈਠ ਗਿਆ ਹੈ।
ਬੱਚਿਆਂ ਨੇ ਲਿਖੀਆਂ ਇਹ ਗੱਲਾਂ
ਸੈਂਟਾ ਨੂੰ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਫਰਾਂਸ ਦੇ ਇਕ ਡਾਕਘਰ ਵਿਚ ਆਉਂਦੀਆਂ ਹਨ। ਇਹਨਾਂ ਚਿੱਠੀਆਂ ਦੀ ਛਾਂਟੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਰ ਤਿੰਨ ਵਿਚੋਂ ਇਕ ਚਿੱਠੀ ਵਿਚ ਕੋਰੋਨਾਵਾਇਰਸ ਸੰਬੰਧੀ ਮਹਾਮਾਰੀ ਦਾ ਜ਼ਿਕਰ ਹੈ। 5 ਸਾਲਾ ਅਲੀਨ ਨੇ ਕਿਸੇ ਵੱਡੇ ਵਿਅਕਤੀ ਦੀ ਮਦਦ ਨਾਲ ਭੇਜੀ ਚਿੱਠੀ ਵਿਚ ਸੈਂਟਾ ਨੂੰ ਅੱਗੇ ਦੇ ਦਰਵਾਜੇ ਤੋਂ ਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਕਿ ਪਿਛਲੇ ਦਰਵਾਜੇ ਤੋਂ ਸਿਰਫ ਦਾਦਾ-ਦਾਦੀ ਆਉਂਦੇ ਹਨ ਤਾਂ ਜੋ ਉਹ ਇਸ ਵਾਇਰਸ ਤੋਂ ਬਚੇ ਰਹਿ ਸਕਣ। ਤਾਇਵਾਨ ਦੇ ਰਹਿਣ ਵਾਲੇ ਨੰਨ੍ਹੇ ਜਿਮ ਨੇ ਸੈਂਟਾ ਨੂੰ ਭੇਜੇ ਆਪਣੇ ਲਿਫਾਫੇ ਵਿਚ ਇਕ ਫੇਸ ਮਾਸਕ ਵੀ ਦਿੱਤਾ ਅਤੇ ਲਿਖਿਆ,''ਆਈ ਲਵ ਯੂ''। 10 ਸਾਲਾ ਲੋਲਾ ਨੇ ਸੈਂਟਾ ਨੂੰ ਲਿਖਿਆ ਕਿ ਉਸ ਦੀ ਆਂਟੀ ਨੂੰ ਦੁਬਾਰਾ ਕੈਂਸਰ ਨਾ ਹੋਵੇ ਅਤੇ ਇਹ ਵਾਇਰਸ ਵੀ ਖਤਮ ਹੋ ਜਾਵੇ। ਲੋਲਾ ਨੇ ਅੱਗੇ ਲਿਖਿਆ,''ਮਾਂ ਮੇਰੀ ਦੇਖਭਾਲ ਕਰਦੀ ਹੈ ਅਤੇ ਕਦੇ-ਕਦੇ ਮੈਨੂੰ ਉਹਨਾਂ ਲਈ ਡਰ ਲੱਗਦਾ ਹੈ।'' ਉਸ ਨੇ ਸੈਂਟਾ ਨੂੰ ਵੀ ਆਪਣੀ ਧਿਆਨ ਰੱਖਣ ਲਈ ਕਿਹਾ।
ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਹੀ ਨਹੀ ਸਗੋਂ ਇਟਲੀ ਦੇ ਰਾਸ਼ਟਰੀ ਮੀਡੀਆ 'ਚ ਵੀ ਪਈ ਕਿਸਾਨਾਂ ਦੇ ਸੰਘਰਸ਼ ਦੀ ਗੂੰਜ
ਫਰਾਂਸ ਦੇ ਡਾਕਘਰ ਵਿਚ ਆਉਂਦੀਆਂ ਹਨ ਚਿੱਠੀਆਂ
ਦੱਖਣ-ਪੱਛਮ ਫਰਾਂਸ ਦੇ ਇਕ ਡਾਕਘਰ ਵਿਚ ਇਸ ਸਾਲ ਸੈਂਟਾ ਨੂੰ ਲਿਖੀਆਂ ਹਜ਼ਾਰਾਂ ਚਿੱਠੀਆਂ, ਕਾਰਡ ਅਤੇ ਨੋਟ ਆ ਰਹੇ ਹਨ। ਜਿੱਥੇ ਇਹਨਾਂ ਚਿੱਠੀਆਂ ਦੀ ਛਾਂਟੀ ਕੀਤੀ ਜਾਂਦੀ ਹੈ ਅਤੇ ਜਵਾਬ ਭੇਜੇ ਜਾਂਦੇ ਹਨ। ਨੰਨ੍ਹੇ ਜੋ ਨੇ ਇਸ ਵਾਰ ਸੈਂਟਾ ਤੋਂ ਸਿਰਫ ਇਕ ਮਿਊਜ਼ਿਕ ਪਲੇਅਰ ਅਤੇ ਇਕ ਮਨੋਰੰਜਨ ਪਾਰਕ ਦੀ ਟਿਕਟ ਮੰਗੀ ਹੈ ਕਿਉਂਕਿ ਕੋਵਿਡ-19 ਦੇ ਕਾਰਨ ਇਹ ਸਾਲ ਪਹਿਲਾਂ ਨਾਲੋਂ ਵੱਖਰਾ ਹੈ।ਸੈਂਟਾ ਦੇ ਨਾਮ 'ਤੇ ਆਉਣ ਵਾਲੀ ਸਾਰੀ ਡਾਕ 1962 ਤੋਂ ਇਸ ਡਾਕਘਰ ਵਿਚ ਆਉਂਦੀ ਹੈ। ਨਵੰਬਰ-ਦਸੰਬਰ ਦੇ ਮਹੀਨਿਆਂ ਵਿਚ ਚਿੱਠੀਆਂ ਦੇ ਢੇਰ ਨੂੰ ਛਾਂਟਣ ਦਾ ਕੰਮ ਸੈਂਟਾ ਦੇ ਸਹਿਯੋਗੀ ਮੰਨੇ ਜਾਣ ਵਾਲੇ ਲੋਕ ਕਰਦੇ ਹਨ ਜਿਹਨਾਂ ਨੂੰ 'ਐਲਫ' ਕਿਹਾ ਜਾਂਦਾ ਹੈ।
ਐਲਫ ਜਮੀਲਾ ਹਾਜੀ ਨੇ ਦੱਸਿਆ ਕਿ 12 ਨਵੰਬਰ ਨੂੰ ਪਹਿਲੀ ਚਿੱਠੀ ਖੋਲ੍ਹਦੇ ਹੀ ਪਤਾ ਲੱਗ ਗਿਆ ਸੀ ਕਿ ਇਸ ਮਹਾਮਾਰੀ ਨੇ ਬੱਚਿਆਂ 'ਤੇ ਕਿੰਨਾ ਅਸਰ ਪਾਇਆ ਹੈ। ਉਹਨਾਂ ਮੁਤਾਬਕ, ਪਹਿਲਾਂ ਬੱਚੇ ਖਿਡੌਣੇ ਅਤੇ ਗੈਜ਼ਟ ਮੰਗਦੇ ਸਨ ਪਰ ਇਸ ਵਾਰ ਬੱਚੇ ਵੈਕਸੀਨ, ਦਾਦ-ਦਾਦੀ ਕੋਲ ਜਾਣ ਅਤੇ ਜੀਵਨ ਸਧਾਰਨ ਹੋਣ ਦੀ ਮੰਗ ਕਰ ਰਹੇ ਹਨ। ਬੱਚਿਆਂ ਦੇ ਇਲਾਵਾ ਵੱਡੇ ਵੀ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਹਨ। ਕਈ ਬਾਲਗਾਂ ਨੇ ਪਹਿਲੀ ਵਾਰ ਸੈਂਟਾ ਨੂੰ ਚਿੱਠੀ ਲਿਖੀ ਹੈ।