ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ''ਯੇਲੋ ਵੈਸਟ'' ਟੈਕਸ ਕਟੌਤੀ ਨੂੰ ਦਿੱਤੀ ਮਨਜ਼ੂਰੀ

Friday, Dec 21, 2018 - 04:22 PM (IST)

ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ''ਯੇਲੋ ਵੈਸਟ'' ਟੈਕਸ ਕਟੌਤੀ ਨੂੰ ਦਿੱਤੀ ਮਨਜ਼ੂਰੀ

ਪੈਰਿਸ (ਭਾਸ਼ਾ)— ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਸ਼ੁੱਕਰਵਾਰ ਨੂੰ ਟੈਕਸਾਂ ਵਿਚ ਐਮਰਜੈਂਸੀ ਕਟੌਤੀ ਨਾਲ ਜੁੜੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ 'ਯੇਲੋ ਵੈਸਟ' ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਇਸ ਮਹੀਨੇ ਦੀ ਸ਼ੁਰੂਆਤ ਵਿਚ ਘੱਟ ਤਨਖਾਹ ਵਾਲੇ ਲੋਕਾਂ ਲਈ ਟੈਕਸਾਂ ਵਿਚ ਕਟੌਤੀ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਸਵੇਰੇ ਸ਼ੁਰੂਆਤੀ ਘੰਟਿਆਂ ਤੱਕ ਚੱਲੀ ਬਹਿਸ ਦੌਰਾਨ ਕਿਰਤ ਮੰਤਰੀ ਮਿਊਰਿਏਲ ਪੇਨੀਕੌਡ ਨੇ ਕਿਹਾ ਕਿ ਇਸ ਸੰਕਟ ਨੂੰ ਖਤਮ ਕਰਨ ਲਈ ਇਹ ਕਦਮ ਕਾਫੀ ਮਹੱਤਵਪੂਰਣ ਸਾਬਤ ਹੋਵੇਗਾ।

ਟੈਕਸਾਂ ਵਿਚ ਕਟੌਤੀ ਨਾਲ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਅਤੇ ਓਵਰਟਾਈਮ ਕਰਨ ਵਾਲੇ ਕਰਮਚਾਰੀਆਂ  ਨੂੰ ਵੀ ਫਾਇਦਾ ਹੋਵੇਗਾ। ਅਰਥ ਸ਼ਾਸਤਰੀਆਂ ਨੇ ਅਨੁਮਾਨ ਲਗਾਇਆ ਹੈ ਕਿ ਇਸ ਨਾਲ ਫਰਾਂਸ ਦੀ ਸਰਕਾਰ 'ਤੇ 15 ਅਰਬ ਯੂਰੋ (17 ਅਰਬ ਅਮਰੀਕੀ ਡਾਲਰ) ਦਾ ਬੋਝ ਪਵੇਗਾ। ਹੁਣ ਇਸ ਪ੍ਰਸਤਾਵ ਨੂੰ ਸੈਨੇਟ ਦੀ ਮਨਜ਼ੂਰੀ ਲਈ  ਭੇਜਿਆ ਜਾਵੇਗਾ। ਗੌਰਤਲਬ ਹੈ ਕਿ ਫਰਾਂਸ ਵਿਚ ਬੀਤੇ ਮਹੀਨੇ ਤੋਂ ਬਾਲਣ ਟੈਕਸਾਂ ਵਿਚ ਵਾਧੇ ਵਿਰੁੱਧ 'ਯੇਲੋ ਵੈਸਟ' ਨਾਮ ਨਾਲ ਜਾਰੀ ਪ੍ਰਦਰਸ਼ਨਾਂ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News