Foxconn ਦੇ ਸੰਸਥਾਪਕ ਟੈਰੀ ਗੌ ਲੜਨਗੇ ਤਾਈਵਾਨ ਦੀ ਰਾਸ਼ਟਰਪਤੀ ਚੋਣ

08/28/2023 2:04:34 PM

ਤਾਈਪੇ (ਏਜੰਸੀ): ਫੌਕਸਕਾਨ ਦੇ ਸੰਸਥਾਪਕ ਅਤੇ ਅਰਬਪਤੀ ਟੈਰੀ ਗੌ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਤਾਈਵਾਨ ਦੀਆਂ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਐਲਾਨ ਨਾਲ ਕਈ ਮਹੀਨਿਆਂ ਦੀਆਂ ਕਿਆਸਅਰਾਈਆਂ ਦਾ ਅੰਤ ਹੋ ਗਿਆ। ਗੌ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ ਅਤੇ ਤਾਈਵਾਨ ਦਾ ਰਾਸ਼ਟਰਪਤੀ ਬਣਨ ਲਈ ਗੌ ਨੂੰ 2,90,000 ਵੋਟਰਾਂ ਦੇ ਦਸਤਖ਼ਤਾਂ ਦੀ ਲੋੜ ਹੋਵੇਗੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੌ ਨੇ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੇ ਤਾਈਵਾਨ ਨੂੰ ਚੀਨ ਨਾਲ ਜੰਗ ਦੇ ਖ਼ਤਰੇ ਵੱਲ ਧੱਕ ਦਿੱਤਾ ਹੈ।  

ਤਾਈਵਾਨ ਦੇ ਸਵੈ-ਸ਼ਾਸਨ ਵਾਲੇ ਟਾਪੂ ਨੂੰ ਚੀਨ ਆਪਣੇ ਖੇਤਰ ਦੇ ਹਿੱਸੇ ਵਜੋਂ ਦਾਅਵਾ ਕਰਦਾ ਹੈ। ਗੌ ਨੇ ਕਿਹਾ ਕਿ ਤਾਈਵਾਨ ਨੂੰ ਆਰਥਿਕਤਾ ਅਤੇ ਹੋਰ ਘਰੇਲੂ ਮਾਮਲਿਆਂ 'ਤੇ ਵੀ ਨਵੇਂ ਦ੍ਰਿਸ਼ਟੀਕੋਣ ਦੀ ਲੋੜ ਹੈ। ਉਸਨੇ ਕਿਹਾ ਕਿ “ਜਦੋਂ ਅੰਦਰੂਨੀ ਮਾਮਲਿਆਂ ਦੀ ਗੱਲ ਕਰੀਏ ਤਾਂ ਰਾਸ਼ਟਰੀ ਨੀਤੀਆਂ ਗ਼ਲਤੀਆਂ ਨਾਲ ਭਰੀਆਂ ਹੋਈਆਂ ਹਨ। ਸਰਕਾਰ ਕੋਲ ਤਾਈਵਾਨ ਦੇ ਉਦਯੋਗ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਰਸਤਾ ਨਹੀਂ ਹੈ।” ਪੂਰਵ ਵਿਚ ਹੋਨ ਹਾਈ ਪ੍ਰਿਸੀਸ਼ਿਅਨ ਇੰਡਸਟਰੀ ਦੇ ਨਾਮ ਨਾਲ ਜਾਣੀ ਜਾਂਦੀ ਗੌ ਦੀ ਫੋਕਸਕਾਨ ਐਪਲ ਦੀ ਇਕ ਵੱਡੀ ਸਪਲਾਈਕਰਤਾ ਹੈ ਅਤੇ ਚੀਨ ਵਿਚ ਉਸ ਦੀਆਂ ਕਈ ਫੈਕਟਰੀਆਂ ਹਨ। 

ਗੌ ਲੰਬੇ ਸਮੇਂ ਤੋਂ ਪ੍ਰਧਾਨਗੀ ਲਈ ਦੌੜ ਵਿਚ ਰਹੇ ਹਨ। ਉਸਨੇ 2019 ਦੀ ਰਾਸ਼ਟਰਪਤੀ ਚੋਣ ਲੜੀ ਸੀ ਪਰ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਸਾਈ ਇੰਗ-ਵੇਨ ਨੇ ਉਹਨਾਂ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ। ਗੌ ਨੇ ਇਸ ਵਾਰ ਸ਼ੁਰੂ ਵਿੱਚ ਚੀਨ ਨਾਲ ਦੋਸਤਾਨਾ ਸਬੰਧ ਰੱਖਣ ਵਾਲੀ ਵਿਰੋਧੀ ਪਾਰਟੀ ਗੁਓਮਿੰਡਾਂਗ ਤੋਂ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਸੀ। ਹਾਲਾਂਕਿ ਪਾਰਟੀ ਨੇ ਨਿਊ ਤਾਈਪੇ ਸ਼ਹਿਰ ਦੇ ਮੇਅਰ ਹੋਊ ਯੂ-ਆਈਹ ਨੂੰ ਉਮੀਦਵਾਰ ਬਣਾਇਆ ਹੈ। ਗੌ ਨੇ ਕਿਹਾ ਕਿ ਉਹ ਮਹਿਸੂਸ ਕਰਦਾ ਹੈ ਕਿ ਉਸ ਕੋਲ ਤਾਈਵਾਨ ਦੇ ਲੋਕਾਂ ਲਈ ਮਹੱਤਵਪੂਰਨ ਮੁੱਦਿਆਂ 'ਤੇ ਯੋਗਦਾਨ ਪਾਉਣ ਲਈ ਕੁਝ ਹੈ। ਉਨ੍ਹਾਂ ਕਿਹਾ ਕਿ ''ਮੈਂ ਹਾਲ ਹੀ 'ਚ ਕੋਈ ਠੋਸ ਚਰਚਾ ਨਹੀਂ ਦੇਖੀ ਹੈ, ਖਾਸ ਤੌਰ 'ਤੇ ਸਰਹੱਦ ਪਾਰ ਸਬੰਧਾਂ (ਚੀਨ ਨਾਲ), ਆਰਥਿਕ ਵਿਕਾਸ ਜਾਂ ਅੰਤਰਰਾਸ਼ਟਰੀ ਸਬੰਧਾਂ ਦੇ ਵਿਸ਼ਿਆਂ 'ਤੇ।'' ਕਿਉਂਕਿ ਤਾਈਵਾਨ ਦੇ ਭਵਿੱਖ ਲਈ ਏਕਤਾ ਬਹੁਤ ਮਹੱਤਵਪੂਰਨ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹਿੰਦੂ ਮੰਦਰਾਂ 'ਤੇ ਹਮਲਿਆਂ ਵਿਰੁੱਧ ਕੈਨੇਡਾ ਦੀ ਸੰਸਦ 'ਚ 'ਪਟੀਸ਼ਨ', ਹੁਣ ਤੱਕ 6000 ਤੋਂ ਵੱਧ ਲੋਕਾਂ ਦਾ ਮਿਲਿਆ ਸਮਰਥਨ 

ਜਾਣੋ ਟੈਰੀ ਗੌ ਬਾਰੇ 

ਟੈਰੀ ਗੌ ਇੱਕ ਤਾਈਵਾਨੀ ਅਰਬਪਤੀ ਕਾਰੋਬਾਰੀ ਹਨ, ਜੋ  ਦਿੱਗਜ ਟੈਕਨਾਲੋਜੀ ਕੰਪਨੀ ਫੌਕਸਕਾਨ ਦੇ ਸੰਸਥਾਪਕ ਅਤੇ ਸੀ.ਈ.ਓ. ਹਨ। Foxconn ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਨਿਰਮਾਣ ਕੰਪਨੀ ਹੈ, ਜੋ ਐਪਲ ਦੀ ਸਪਲਾਇਰ ਹੈ। ਇਸ ਕੰਪਨੀ ਵਿੱਚ ਸੱਤ ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News