'ਚੌਥਾ ਵਿਰਾਸਤ ਮੇਲਾ' ਮੁੱਰੇ ਬ੍ਰਿਜ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ

10/03/2017 2:11:01 PM

ਬ੍ਰਿਸਬੇਨ(ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਵਿਰਾਸਤ ਐਸੋਸੀਏਸ਼ਨ ਦੱਖਣੀ ਆਸਟ੍ਰੇਲੀਆ ਵੱਲੋਂ ਮੁੱਖ ਪ੍ਰਬੰਧਕ ਜਗਤਾਰ ਸਿੰਘ ਨਾਗਰੀ, ਨਰੇਸ਼ ਸ਼ਰਮਾ, ਚੇਅਰਮੈਨ ਬਲਰਾਜ ਸਿੰਘ ਬਾਠ, ਧੰਮੀ ਜਟਾਣਾ, ਅਮਨਦੀਪ ਮੁਹਾਲੀ ਸਰਵਨ ਰੰਧਾਵਾ, ਮਾਸਟਰ ਮਨਜੀਤ ਸਿੰਘ, ਸੇਵਕ ਸਿੰਘ ਦੇ ਸਾਂਝੇ ਯਤਨਾ ਸਦਕਾ ਇੱਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਚੌਥਾ ਵਿਰਾਸਤ ਮੇਲਾ' ਮੁੱਰੇ ਬ੍ਰਿਜ, ਦੱਖਣੀ ਆਸਟ੍ਰੇਲੀਆ ਵਿਖੇ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮੇਲੇ 'ਚ ਕਲਾਕਾਰਾਂ ਵੱਲੋਂ ਗੀਤ-ਸੰਗੀਤ, ਗਿੱਧਾ-ਭੰਗੜਾ, ਲਾਈਵ ਮਿਊਜ਼ਿਕ, ਨਾਟਕ ਤੇ ਕੋਰੀਓਗ੍ਰਾਫੀ ਨਾਲ ਲੋਕਾਂ ਦਾ ਖੂਬ ਮੰਨੋਰੰਜਣ ਕੀਤਾ। ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਟਾਲ ਜਿਨ੍ਹਾਂ ਵਿਚ ਖਾਣ-ਪੀਣ, ਕਲਚਰਲ, ਸਾਹਿਤਕ ਆਦਿ ਵਿਸ਼ੇਸ਼ ਤੌਰ 'ਤੇ ਲਗਾਏ ਗਏ ਸਨ। ਇਸ ਮੌਕੇ 'ਤੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਨਾਗਰੀ ਵੱਲੋਂ ਵੱਖ-ਵੱਖ ਭਾਈਚਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਦੇ ਭਰਵੇਂ ਇਕੱਠ ਨੇ ਇਹ ਦਰਸ਼ਾ ਦਿੱਤਾ ਕੀ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੱਸਦੇ ਹੋਣ ਉਹ ਆਪਣੇ ਵਿਰਸੇ, ਧਰਮ ਤੇ ਸਾਹਿਤ ਦੇ ਨਾਲ ਹਮੇਸ਼ਾ ਹੀ ਜੁੜੇ ਰਹਿੰਦੇ ਹਨ। ਇਸ ਤਰ੍ਹਾਂ ਅਜੋਕੀ ਪੀੜ੍ਹ੍ਹੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੀ ਗੁੜਤੀ ਪ੍ਰਦਾਨ ਕਰ ਕੇ ਭਾਈਚਾਰਕ ਸਾਂਝ ਤੇ ਸਮਾਜਕ ਕਦਰਾਂ ਕੀਮਤਾਂ ਨੂੰ ਵਿਦੇਸ਼ਾਂ ਵਿਚ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਅਜਿਹੇ ਮੇਲੇ ਨਰੋਏ ਤੇ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਵਿਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ। ਮੰਚ ਦਾ ਸੰਚਾਲਨ ਮੋਹਣ ਸਿੰਘ ਮਲਹਾਂਸ ਤੇ ਮਹਿੰਗਾ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਮੇਲੇ ਪ੍ਰਤੀ ਭਾਈਚਾਰੇ ਵਿਚ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ 'ਤੇ ਬਲਵੰਤ ਸਿੰਘ ਪ੍ਰਧਾਨ, ਸਰੂਪ ਸਿੰਘ ਜੌਹਲ, ਮਿੰਟੂ ਬਰਾੜ, ਕਰਨ ਬਰਾੜ, ਡਾ. ਸਵਰਨ ਸਿੰਘ, ਰੱਬੀ ਬੈਨੀਪਾਲ, ਰਵਿੰਦਰ ਸਿੰਘ ਸਰਾਭਾ, ਗਿੱਪੀ ਬਰਾੜ ਸਮੇਤ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।


Related News