'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', 18ਵੀਂ ਮੰਜ਼ਿਲ ਤੋਂ ਹੇਠਾਂ ਡਿੱਗਾ ਬੱਚਾ, ਵਾਲ-ਵਾਲ ਬਚਿਆ
Thursday, Aug 20, 2020 - 02:54 PM (IST)

ਹੁਬੇਈ : 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਕਹਿੰਦੇ ਹਨ ਜਿਸ ਨੂੰ ਭਗਵਾਨ ਬਚਾਉਣਾ ਚਾਹੁੰਦੇ ਹਨ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਅਜਿਹਾ ਹੀ ਇਕ ਮਾਮਲਾ ਚੀਨ ਦੇ ਸੂਬੇ ਹੁਬੇਈ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ 4 ਸਾਲ ਦਾ ਬੱਚਾ 18ਵੀਂ ਮੰਜ਼ਿਲ 'ਤੇ ਸਥਿਤ ਆਪਣੇ ਫਲੈਟ ਦੀ ਖਿੜਕੀ 'ਚੋਂ ਹੇਠਾਂ ਡਿੱਗ ਗਿਆ ਪਰ ਚਮਤਕਾਰ ਤਰੀਕੇ ਨਾਲ ਬੱਚ ਗਿਆ। ਉਂਝ ਇਹ ਘਟਨਾ 6 ਅਗਸਤ ਦੀ ਹੈ। ਡੇਲੀ ਮੇਲ 'ਚ ਛਪੀ ਖ਼ਬਰ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਬੱਚਾ ਹੇਠਾਂ ਮੌਜੂਦ ਇਕ ਦਰਖਤ 'ਤੇ ਡਿੱਗਣ ਕਾਰਨ ਬੱਚ ਗਿਆ ਪਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ।
ਇਹ ਬੱਚਾ ਘਰ ਵਿਚ ਆਪਣੀ ਦਾਦੀ ਨਾਲ ਰਹਿੰਦਾ ਸੀ। ਕਿਉਂਕਿ ਉਸ ਦੇ ਮਾਤਾ-ਪਿਤਾ ਦੂਜੇ ਸ਼ਹਿਰ ਵਿਚ ਨੌਕਰੀ ਕਰਦੇ ਹਨ। ਇਕੱਲੇ ਖੇਡਦੇ-ਖੇਡਦੇ ਬੱਚਾ ਖਿੜਕੀ ਵਿਚੋਂ ਹੇਠਾਂ ਡਿੱਗ ਗਿਆ। ਉਸ ਦੀ ਦਾਦੀ ਘਰ ਦਾ ਰਾਸ਼ਨ ਲਿਆਉਣ ਬਾਹਰ ਗਈ ਸੀ। ਇਸ ਘਟਨਾ ਦੇ ਤੁਰੰਤ ਬਾਅਦ ਬੱਚੇ ਦੇ ਮਾਤਾ-ਪਿਤਾ ਨੂੰ ਐਮਰਜੈਂਸੀ ਸਰਵਿਸ ਤੋਂ ਫੋਨ ਗਿਆ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਮਾਂ ਸਦਮੇ ਵਿਚ ਸੀ। ਉਹ ਕੁੱਝ ਨਹੀਂ ਕਰ ਪਾ ਰਹੀ ਸੀ ਪਰ ਕੁੱਝ ਅਜਨਬੀ ਲੋਕਾਂ ਨੇ ਬੱਚੇ ਨੂੰ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਦਿੱਤਾ।
ਦੱਸਣਯੋਗ ਹੈ ਕਿ ਬੱਚਾ ਆਈ.ਸੀ.ਯੂ. ਵਿਚ ਹੈ ਪਰ ਉਸ ਦੀ ਹਾਲਤ ਸਥਿਰ ਹੈ। ਬੱਚੇ ਦਾ ਇਲਾਜ ਕਰਣ ਵਾਲੇ ਡਾ. ਚੇਨ ਸ਼ੀ ਨੇ ਦੱਸਿਆ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।